ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੁੱਚੇ ਸਾਹਿਤ-ਚਿੰਤਨ ਲਈ ਇਹ ਸੋਚ ਕੋਈ ਨਵੀਂ ਨਹੀਂ ਸੀ, ਪਰ ਪੰਜਾਬੀ ਵਿਚ ਅਤੇ ਖ਼ਾਸ ਕਰਕੇ ਨਿੱਕੀ ਕਹਾਣੀ ਦੇ ਸੰਦਰਭ ਵਿਚ ਇਸ ਪ੍ਰਸ਼ਨ ਦੀ ਇਸ ਤਰਾਂ ਪੇਸ਼ਕਾਰੀ ਪਹਿਲੀ ਵਾਰੀ ਅਤਰ ਸਿੰਘ ਨੇ ਕੀਤੀ। ਉਸ ਦੇ ਸ਼ਬਦਾਂ ਵਿਚ :

ਕਲਾ ਵਿਚ ਮਨੁੱਖ ਦੇ ਅਨੁਭਵ ਦਾ ਇਕ ਮਹੱਤਵਪੂਰਨ ਪੱਖ ਕਲਾ ਰੂਪ ਦਾ ਭੇਖ ਧਾਰ ਕੇ ਜ਼ਾਹਰ ਹੁੰਦਾ ਹੈ। ਸਾਹਿਤ ਦੀ ਕਿਹੜੀ ਵੰਨਗੀ ਵਿਚ ਕੋਈ ਵਸਤੁ ਪ੍ਰਗਟ ਹੋਵੇ? ਜਾਂ ਇਸ ਮੰਤਵ ਦੀ ਪੂਰਤੀ ਲਈ ਕੋਈ ਅਸਲੋਂ ਹੀ ਨਵਾਂ ਸਾਹਿਤ ਰੂਪ ਰਚਿਆ ਜਾਵੇ ਕਿ ਨਾਂਹ? ਇਸ ਦਾ ਆਧਾਰ ਵਸਤੂ ਦੀਆਂ ਵਿਸ਼ੇਸ਼ਤਾਵਾਂ, ਕਿਸੇ ਸਾਹਿਤ ਦੀਆਂ ਪਰੰਪਰਾਵਾਂ ਦੀਆਂ ਸੰਭਾਵਨਾਵਾਂ ਅਤੇ ਲੇਖਕ ਦੀ ਰਚਨਾਤਮਕ ਸ਼ਕਤੀ ਉਤੇ ਹੈ। ਬਾਕੀ ਗੱਲਾਂ ਸਹਾਇਕ ਭਾਵੇਂ ਹੋਣ, ਮੂਲ ਉੱਕਾ ਨਹੀਂ ਹੋ ਸਕਦੀਆਂ।

ਵਸਤੂ-ਸਥਿਤੀ ਵਿਚ ਉਹ ਕਿਹੜੀਆਂ ਤਬਦੀਲੀਆਂ ਸਨ ਜਿਨ੍ਹਾਂ ਨੇ ਨਿੱਕੀ ਕਹਾਣੀ ਦੀ ਵਿਧਾ ਦਾ ਰਚਿਆ ਜਾਣਾ ਜ਼ਰੂਰੀ ਬਣਾਇਆ?

ਇਥੇ ਡਾ. ਅਤਰ ਸਿੰਘ ਵਲੋਂ ਪੰਜਾਬ ਦੀ ਵਸਤੂ-ਸਥਿਤੀ ਵਿਚ ਵਾਪਰ ਰਹੀਆਂ ਤਬਦੀਲੀਆਂ ਵੱਲ ਸੰਕੇਤ ਨਹੀਂ ਕੀਤਾ ਗਿਆ, ਸਗੋਂ ਸੰਸਾਰ ਪੱਧਰ ਉਤੇ ਨਿੱਕੀ ਕਹਾਣੀ ਦੇ ਵੱਖਰੀ ਵਿਧਾ ਵਜੋਂ ਉਦਭਵ ਲਈ ਜ਼ਿੰਮੇਵਾਰ ਤਬਦੀਲੀਆਂ ਗਿਣਵਾਈਆਂ ਗਈਆਂ ਹਨ। ਇਹ ਗੱਲ ਫਿਰ ਇਸ ਗੱਲ ਵੱਲ ਸੰਕੇਤ ਹੈ ਕਿ ਪੰਜਾਬੀ ਨਿੱਕੀ ਕਹਾਣੀ ਆਪਣੇ ਸਾਹਿਤ ਅਤੇ ਸਮਾਜ ਦੀ ਵਸਤੂ-ਸਥਿਤੀ ਦੇ ਵਿਕਾਸ ਦਾ ਸਹਿਜ ਪ੍ਰਗਟਾਅ ਨਹੀਂ ਸਗੋਂ' ਸੰਸਾਰ ਪੈਮਾਨੇ ਉਤੇ ਚੱਲ ਰਹੇ ਸਾਹਿਤਕ ਅਤੇ ਸਭਿਆਚਾਰਕ ਕਰਮ- ਪ੍ਰਤਿਕਰਮ ਦੀ ਸਿੱਟਾ ਹੈ। ਇਹ ਤਬਦੀਲੀਆਂ ਮੁੱਖ ਰੂਪ ਵਿਚ ਮਨੁੱਖ ਦੇ ਭੌਤਕ ਆਲੇ-ਦੁਆਲੇ ਵਿਚ ਆਈਆਂ ਸਨ, ਜਿਨ੍ਹਾਂ ਦਾ ਮੁੱਖ ਕਾਰਨ ਵਿਗਿਆਨ ਦੀ ਪ੍ਰਗਤੀ ਸੀ, ਜਿਸ ਨਾਲ ਕਿੱਤੀ ਉਪਰ ਮਨੁੱਖ ਦਾ ਅਧਿਕਾਰ ਵਧ ਗਿਆ। ਇਸ ਨਾਲ ਪ੍ਰਕਿਰਤੀ ਇਕ ਅੰਨ੍ਹੀ ਸ਼ਕਤੀ ਨਾ ਰਹੀ। ਮਨੁੱਖ ਉਸ ਅੱਗੇ ਨਿਤਾਣਾ ਅਤੇ ਮੁਥਾਜ ਨਾ ਰਿਹਾ। ਇਕ ਸਵੈ-ਵਿਸ਼ਵਾਸ, ਇਕ ਸਵੈ-ਮਾਣ, ਆਪਣੀ ਹੋਂਦ ਦੀ ਮਹੱਤਾ ਦਾ ਇਕ ਅਹਿਸਾਸ; ਇਹ ਮਨੁੱਖ ਲਈ ਇਕ ਬਿਲਕੁਲ ਨਵਾਂ ਅਨੁਭਵ ਸੀ। ਇਸ ਦੀ ਰੌਸ਼ਨੀ ਵਿਚ ਉਸ ਦਾ ਸਾਰਾ ਜੀਵਨ ਲਿਸ਼ਕ ਪਿਆ। ਉਸ ਨੂੰ ਆਪਣੇ ਚਾਰੇ ਪਾਸੇ ਇਕ ਨਵੀਂ ਹੋਦ ਦਾ ਅਹਿਸਾਸ ਹੋਇਆ, ਇਹ ਵਿਅਕਤੀਵਾਦ ਦੀਆਂ ਪਹਿਲੀਆਂ ਸੋਆਂ ਸਨ।' ਇਸੇ ਗੱਲ ਨੂੰ ਅੱਗੇ ਤੋਰਦਿਆਂ ਉਹ ਲਿਖਦਾ ਹੈ, 'ਵਿਗਿਆਨ ਦੀ ਉੱਨਤੀ ਨਾਲ ਪ੍ਰਕਿਰਤੀ ਉਤੇ ਵਧਦੇ ਅਧਿਕਾਰ ਨੇ ਸਮਾਜ ਦੀ ਸਾਰਥਕਤਾ ਨੂੰ ਘਟਾਇਆ ਹੈ। ਸਿੱਟਾ ਇਹ ਕਿ ਮਨੁੱਖ ਉਸ ਤੋਂ ਮੁਨਕਰ ਹੋ ਕੇ ਆਪਣੇ ਵਿਅਕਤਿਤਵ ਨੂੰ ਵਧੇਰੇ ਮਹੱਤਵਪੂਰਨ ਮੰਨਣ ਲੱਗ ਪਿਆ। 'ਡਾ. ਅਤਰ ਸਿੰਘ ਅਨੁਸਾਰ ਆਪਣੇ ਵਿਅਕਤਿਤਵ ਨੂੰ ਵਧੇਰੇ ਮਹੱਤਵਪੂਰਨ ਮੰਨਣ ਲੱਗ ਪੈਣਾ ਵਿਅਕਤੀਵਾਦ