ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਜਿਥੋਂ ਤੱਕ ਸਥਾਪਨਾਵਾਂ ਦਾ ਸਵਾਲ ਹੈ, ਇਸ ਵਿਚ ਆਪਣੇ ਤੋਂ ਪਹਿਲਾਂ ਦੇ, ਖ਼ਾਸ ਕਰਕੇ ਸੰਤ ਸਿੰਘ ਸੇਖੋਂ ਦੇ ਲੇਖਾਂ ਵਿਚਲੀਆਂ ਮੂਲ ਸਥਾਪਨਾਵਾਂ ਨੂੰ ਹੀ ਜਾਂ ਤਾਂ ਦੁਹਰਾਹਿਆ ਗਿਆ ਹੈ, ਜਾਂ ਉਹਨਾਂ ਦੀ ਵਿਆਖਿਆ ਕੀਤੀ ਗਈ ਹੈ। ਖ਼ਾਸ ਕਰਕੇ ਦੋ ਸਥਾਪਨਾਵਾਂ 'ਨਾਵਲ ਮਨੁੱਖ ਨੂੰ ਉਸ ਦੀ ਸਮਾਜਕ ਵਿਸ਼ੇਸ਼ਤਾ ਵਿਚ ਪੇਸ਼ ਕਰਦਾ ਹੈ' ਅਤੇ 'ਨਿੱਕੀ ਕਹਾਣੀ ਸਾਧਾਰਣ ਮਨੁੱਖ ਨੂੰ ਉਸ ਦੀ ਸਾਧਾਰਣਤਾ ਵਿਚ ਪੇਸ਼ ਕਰਦੀ ਹੈ' ਸੰਤ ਸਿੰਘ ਸੇਖੋਂ ਦੀਆਂ ਹਨ, ਅਤੇ ਅੱਧੇ ਤੋਂ ਬਹੁਤਾ ਲੇਖ ਇਹਨਾਂ ਦੀ ਹੀ ਵਿਆਖਿਆ ਹੈ।

ਦਾਰਸ਼ਨਿਕ ਪੱਧਰ ਉਤੇ ਇਹ ਲੇਖ ਹੋਰ ਵੀ ਘੱਟ ਵਿਕਦਾ ਹੈ। ਸਮਾਜ ਵਿੱਚ ਵਿਅਕਤੀ ਦੀ ਮਹੱਤਾ ਵਧਣ ਦਾ ਨਾਂ ਵਿਅਕਤੀਵਾਦ ਨਹੀਂ। ਨਾ ਹੀ ਵਿਅਕਤੀ ਦੀ ਮਹੱਤਾ ਵਧਣ ਨਾਲ ਸਮਾਜ ਦੀ ਸਾਰਥਕਤਾ ਘਟ ਜਾਂਦੀ ਹੈ ਜਾਂ ਖ਼ਤਮ ਹੋ ਜਾਂਦੀ ਹੈ। ਵਿਅਕਤੀਵਾਦ ਵਿਅਕਤੀ ਅਤੇ ਸਮੂਹ ਦੇ ਪ੍ਰਸਪਰ ਸੰਬੰਧਾਂ ਦੇ ਵਿਕਾਸ ਵਿਚ ਇਕ ਔਝੜ ਦਾ ਨਾਂ ਹੈ, ਜਿਹੜੀ ਆਪਣੀ ਸਿਖਰਲੀ ਸੀਮਾ ਉਤੇ ਉਸੇ ਤਰ੍ਹਾਂ ਦੇ ਵਰਤਾਰਿਆਂ ਵਿਚ ਪਰਗਟ ਹੁੰਦੀ ਹੈ, ਜਿਨ੍ਹਾਂ ਨੂੰ ਮਧਯੁਗੀ ਚੇਤਨਾ ਨਾਲ ਜੋੜਿਆ ਗਿਆ ਹੈ, ਜਿਸ ਚੇਤਨਾ ਦਾ ਕਿ ਨਿੱਕੀ ਕਹਾਣੀ ਨਾਲ ਕੋਈ ਵਾਸਤਾ ਨਹੀਂ। ਵਿਅਕਤੀਵਾਦ ਦੀ ਇਹ ਬਿਖਰਲੀ ਸੀਮਾ ਆਪਣੇ ਆਪ ਨੂੰ ਸਮਾਜ ਤੋਂ ਉਪਰ ਕੋਈ ਧਰਾ-ਮਨੁੱਖ ਜਾਂ ਸੁਪਰਮੈਨ ਸਮਝਣ ਦੀ ਹੈ, ਜੋ ਕਿ ਨੀਤਸ਼ੇ ਦਾ ਫ਼ਲਸਫ਼ਾ ਬਣ ਕੇ ਫਾ਼ਸਿਜ਼ਮ ਦਾ ਆਧਾਰ ਬਣਦੀ ਹੈ। ਵਿਅਕਤੀ ਅਤੇ ਸਮੂਹ ਦੀ ਸੰਬਾਦਕਤਾ ਦਾ ਹੀ ਦੂਜਾ ਪੱਖ ਇਹ ਹੈ ਕਿ ਵਿਅਕਤੀ ਭਾਵੇਂ ਕਿੰਨਾ ਵੀ ਮਹੱਤਵਪੂਰਨ ਹੋਵੇ, ਆਖ਼ਰ ਸਮੂਹ ਦੀ ਰਜ਼ਾ ਉਸ ਨਾਲੋਂ ਪ੍ਰਬਲ ਸਾਬਤ ਹੁੰਦੀ ਹੈ। ਸਮੂਹ ਦੀ ਇਹ ਸ਼ਕਤੀ ਵੀ ਅਸਲ ਵਿਚ ਵਿਅਕਤੀ ਦੀ ਆਪਣੀ ਸ਼ਕਤੀ ਪ੍ਰਤਿ ਨਵੀਂ ਚੇਤਨਾ ਦਾ ਹੀ ਪ੍ਰਗਟਾਅ ਹੈ, ਜਿਸ ਨੂੰ ਲੋਕ ਰਾਜ ਕਿਹਾ ਜਾਂਦਾ ਹੈ। ਲੋਕ ਰਾਜ ਵੱਲ ਨੂੰ ਵਧਣ ਦੇ ਸਾਰੇ ਅਮਲ ਵਿਚ ਜੇ ਵਿਅਕਤੀ ਦੀ ਮਹੱਤਾ ਦੀ ਗੱਲ ਕੀਤੀ ਜਾਏ ਤਾਂ ਸਮਝ ਆਉਂਦੀ ਹੈ। ਪਰ ਸੇਖੋਂ ਬਿਲਕੁਲ ਇਹਨਾਂ ਹੀ ਅਰਥਾਂ ਵਿਚ ਪਹਿਲਾਂ ਇਹ ਗੱਲ ਵੀ ਕਰ ਚੁੱਕਾ ਹੈ। ਅਤੇ ਲੋਕਰਾਜੀ ਭਾਵਨਾ ਵਿਅਕਤੀ ਨੂੰ ਮਹੱਤਾ ਦੇਂਦੀ ਹੈ, ਵਿਅਕਤੀਵਾਦ ਨੂੰ ਨਹੀਂ।

ਪੰਜਾਬੀ ਸਾਹਿਤ ਚਿੰਤਨ ਵਿਚ ਇਕ ਪ੍ਰਬਲ ਧਾਰਾ ਇਸ ਪ੍ਰਕਾਰ ਦੀ ਰਹੀ ਹੈ, ਜਿਸ ਵਿਚ ਗੱਲ ਨੂੰ ਦਿਲਖਿਚਵੇਂ ਢੰਗ ਨਾਲ ਕਿਹਾ ਜਾਣਾ ਜ਼ਰੂਰੀ ਹੁੰਦਾ ਹੈ, ਉਸ ਦਾ ਠੀਕ ਹੋਣਾ ਬਹੁਤ ਜ਼ਰੂਰੀ ਨਹੀਂ ਹੁੰਦਾ। ਇਸ ਤਰ੍ਹਾਂ ਦੀ ਪੇਸ਼ਕਾਰੀ ਦਾ ਮਕਸਦ ਪਾਠਕ ਨੂੰ ਆਪਣੀ ਰੌਅ ਵਿਚ ਵਹਾ ਲੇ ਜਾਣ ਦਾ ਹੁੰਦਾ ਹੈ, ਉਸ ਨੂੰ ਕਿਸੇ ਬੰਨੇ ਲਾਉਣ ਦਾ ਨਹੀਂ; ਇਸ ਦਾ ਮਤਲਬ ਸਿੱਧੇ ਸਪੱਸ਼ਟ ਸ਼ਬਦਾਂ ਵਿਚ ਪਾਠਕ ਨੂੰ ਚਾਨਣ ਕਰਾਉਣਾ ਨਹੀਂ, ਵਾਕ-ਛਲ ਨਾਲ ਪਾਠਕ ਨੂੰ ਚਕਾਚੌਂਦ ਕਰਨ ਦਾ ਹੁੰਦਾ ਹੈ। ਜਿਸ ਦੇ ਸਿੱਟੇ ਵਜੋਂ ਮਗਰੋਂ ਉਹ ਕਿੰਨਾ ਚਿਰ ਹਨੇਰੇ ਵਿਚ ਹੱਥ-ਪੱਥ ਮਾਰਦਾ ਰਹਿੰਦਾ ਹੈ।

ਇਸੇ ਤਰਾਂ ਦੇ ਸਾਹਿਤ-ਚਿੰਤਨ ਦੀ ਇਕ ਸਿਖਰਲੀ ਉਦਾਹਰਣ ਡਾ. ਹਰਭਜਨ ਸਿੰਘ ਦਾ ਲੇਖ ਕਹਾਣੀ ਅਤੇ ਪੰਜਾਬੀ ਕਹਾਣੀ ਹੈ। ਇਹ ਲੇਖ ਡਾ. ਹਰਿਭਜਨ ਸਿੰਘ

54