ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਨਾ ਹੀ ਸਮੂਹਕ ਮਨ ਲਈ ਕਿ ਇਸ ਨੂੰ ਉਚਤ ਠਹਿਰਾਇਆ ਜਾਏ, ਜਾਂ ਸ਼ਿੰਗਾਰਵੇਂ ਢੰਗ ਨਾਲ ਪੇਸ਼ ਕੀਤਾ ਜਾਏ।
ਤਾਂ ਵੀ ਇਹ ਮਗਰਲੇ ਦੋਵੇਂ ਨੁਕਤੇ ਕਥ-ਸ਼ਾਸਤਰ ਨਾਲ ਸੰਬੰਧਿਤ ਨਹੀਂ। ਇਹਨਾਂ ਨੂੰ ਇਥੇ ਸਿਰਫ਼ ਇਸ ਕਰਕੇ ਲਿਆ ਗਿਆ ਹੈ ਕਿ ਜਿਵੇਂ ਉਲਾਰ ਦਲੀਲ ਇਹਨਾਂ ਨੁਕਤਿਆਂ ਪਿੱਛੇ ਕੰਮ ਕਰ ਰਹੀ ਹੈ, ਉਸੇ ਤਰ੍ਹਾਂ ਦੀ ਉਲਾਰ ਦਲੀਲ ਕਥ-ਸ਼ਾਸਤਰ ਨਾਲ ਸੰਬੰਧਤ ਨਕਤਿਆਂ ਪਿਛੇ ਵੀ ਕੰਮ ਕਰ ਰਹੀ ਹੈ। ' ਅਸਲ ਵਿਚ ਇਹ ਲੇਖ ਪੰਜਾਬੀ ਵਿਚ ਵਿਤੰਡਾਵਾਦ (sophistry) ਦਾ ਸ਼ਾਹਕਾਰ ਹੈ। ਏਨੇ ਸੰਘਣੇ ਰੂਪ ਵਿਚ ਇਹ ਸੋਫਿਸਟਰੀ ਪੰਜਾਬੀ ਵਿਚ ਹੋਰ ਕਿਤੇ ਨਹੀਂ ਮਿਲਦੀ, ਡਾ. ਹਰਿਭਜਨ ਸਿੰਘ ਦੀ ਕਿਸੇ ਹੋਰ ਰਚਨਾ ਵਿਚ ਵੀ ਨਹੀਂ।
ਕਥਾ-ਸ਼ਾਸਤਰ ਬਾਰੇ ਇਸ ਤੋਂ ਮਗਰੋਂ ਲਿਖੇ ਗਏ ਲੇਖ ਵੀ ਵਧੇਰੇ ਕਰਕੇ ਇਹਨਾਂ ਪਿਛਲੇ ਲੇਖਾਂ ਦੀਆਂ ਧੁਨੀਆਂ ਉਤੇ ਹੀ ਉਸਰੇ ਹੋਏ ਹਨ।
ਸੋ ਅਸੀਂ ਦੇਖਦੇ ਹਾਂ ਕਿ ਆਲੋਚਨਾਤਮਕ ਮੁਹਾਵਰੇ ਦੇ ਵਿਕਾਸ ਨੇ ਸ਼ਾਸਤਰ ਦੀ ਪ੍ਰਗਤਿ ਵਿਚ ਸਹਾਇਤਾ ਨਹੀਂ ਕੀਤੀ, ਜਿਸ ਦਾ ਮੁੱਖ ਕਾਰਨ ਤਾਰਕਿਕ ਅਤੇ ਦਾਰਸ਼ਨਿਕ ਦ੍ਰਿਸ਼ਟੀ ਦੀ ਅਤੇ ਇਕਸਾਰਤਾ ਦੀ ਘਾਟ ਹੈ। ਮੂਲ ਰੂਪ ਵਿਚ ਇਹ ਸਾਹਿਤ-ਸ਼ਾਸਤਰ ਵਿਚ ਵਿਧੀ-ਵਿਗਿਆਨਕ ਸਮੱਸਿਆ ਹੈ, ਜਿਸ ਦੀ ਅਜੇ ਸਾਡੇ ਕੋਈ ਪੱਕੀ-ਪੀਡੀ ਪਰੰਪਰਾ ਨਹੀਂ ਬਣੀ।
ਇਸੇ ਕਰਕੇ ਕਹਾਣੀਕਾਰਾਂ ਵਲੋਂ ਪੇਸ਼ ਕੀਤੇ ਗਏ ਸੂਤਰਾਂ ਵਿਚ ਸਾਨੂੰ ਫਿਰ ਵੀ ਕਿਸੇ ਨਾ ਕਿਸੇ ਹੱਦ ਤੱਕ ਇਕਸਾਰਤਾ ਮਿਲ ਜਾਂਦੀ ਹੈ, ਬਾਵਜੂਦ ਇਸ ਦੇ ਕਿ ਉਹਨਾਂ ਕੋਲ ਅਜੇ ਵਿਕਸਤ ਆਲੋਚਨਾਤਮਕ ਮੁਹਾਵਰਾ ਨਹੀਂ ਸੀ। ਆਪਣਾ ਸਿਰਜਣ-ਅਨੁਭਵ ਉਹਨਾਂ ਨੂੰ ਆਪਣੇ ਨਿਸ਼ਾਨੇ ਤੋਂ ਬਹੁਤਾ ਲਾਂਭੇ ਨਹੀਂ ਜਾਣ ਦੇਦਾ।

61