ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਗੋਦ' ਦੀ ਪਰਿਭਾਸ਼ਾ ਵੀ ਇਹੀ ਦੇਦਾ ਹੈ - 'ਗੋਂਦ ... ਹਰ ਉਸ ਕੋਸ਼ਿਸ਼ ਨੂੰ ਕਿਹਾ ਜਾ ਸਕਦਾ ਹੈ, ਜੋ ਇਕ ਕਹਾਣੀ ਲੇਖਕ ਜਾਂ ਨਾਵਲਿਸਟ ਕਰਦਾ ਹੈ, ਇਕ ਖ਼ਾਸ ਤਰ੍ਹਾਂ ਦਾ ਪ੍ਰਭਾਵ ਆਪਣੇ ਪਾਠਕਾਂ 'ਤੇ ਪੈਦਾ ਕਰਨ ਲਈ।'

ਪਲਾਟ ਉਤੇ ਜ਼ੋਰ ਸੁਜਾਨ ਸਿੰਘ ਦੇ ਕਥਾ-ਸ਼ਾਸਤਰ ਵਿਚ ਇਕ ਇਕ ਮਹੱਤਵਪੂਰਨ ਨੁਕਤਾ ਹੈ।

ਸੰਤ ਸਿੰਘ ਸੇਖੋਂ ਦੇ ਕਥਾ-ਸ਼ਾਸਤਰੀ ਕਥਨ ਪ੍ਰਤੱਖ ਤੌਰ ਉਤੇ ਬੜੇ ਤਾਰਕਿਕ ਅਤੇ ਵਿਗਿਆਨਕ ਲਗਦੇ ਹਨ, ਪਰ ਅਸਲ ਵਿਚ ਇਹ ਐਸੀਆਂ ਭਰਾਂਤੀਆਂ ਦੀ ਜੜ੍ਹ ਹਨ, ਜਿਹੜੀਆਂ ਅਜੇ ਤਕ ਜਿਉਂ ਦੀਆਂ ਤਿਉਂ ਦੁਹਰਾਈਆਂ ਜਾ ਰਹੀਆਂ ਹਨ। ਇਹ ਕਥਨ ਘਟਨਾ ਅਤੇ ਪਾਤਰ ਦੇ ਸੰਕਲਪ ਦੁਆਲੇ ਘੁੰਮਦੇ ਹਨ, ਅਤੇ ਮੁੱਖ ਤੌਰ ਉਤੇ ਨਾਵਲ ਅਤੇ ਨਿੱਕੀ ਕਹਾਣੀ ਵਿਚ ਵਿਧਾ-ਮੂਲਕ ਨਿਖੇੜ ਕਰਨ ਲਈ ਵਰਤੇ ਗਏ ਹਨ।

ਸੇਖੋਂ ਅਨੁਸਾਰ ਘਟਨਾਵਾਂ ਕੁਝ ਮਹੱਤਵਪੂਰਨ ਹੁੰਦੀਆਂ ਹਨ ਅਤੇ ਕੁਝ ਮਹੱਤਵਪੂਰਨ ਨਹੀਂ ਹੁੰਦੀਆਂ। ਇਸ ਤਰ੍ਹਾਂ ਪਾਤਰ ਵੀ ਕੁਝ ਸਾਧਾਰਣ ਹੁੰਦੇ ਹਨ ਅਤੇ ਕੁਝ ਵਿਸ਼ੇਸ਼। ਜਿਹੜੀਆਂ ਘਟਨਾਵਾਂ ਮਹੱਤਵਪੂਰਨ ਨਹੀਂ ਹੁੰਦੀਆਂ, ਉਹ ਨਾਵਲ ਅਤੇ ਇਤਿਹਾਸ ਵਿਚ ਲਿਆਂਦੇ ਜਾਣ ਦੀਆਂ ਹੱਕਦਾਰ ਨਹੀਂ ਹੁੰਦੀਆਂ, ਉਹਨਾਂ ਦੀ ਥਾਂ ਸਿਰਫ਼ ਨਿੱਕੀ ਕਹਾਣੀ ਵਿਚ ਹੀ ਹੈ। ਇਥੇ ਸੇਖੋਂ ਲੋਕਰਾਜ ਨੂੰ ਵੀ ਆਪਣੀ ਧਾਰਨਾ ਦੇ ਹੱਕ ਵਿਚ ਦਲੀਲ ਵਜੋਂ ਭੁਗਤਾਉਂਦਾ ਹੈ। 'ਲੋਕਰਾਜ ਦੇ ਯੁਗ ਵਿਚ ਸਾਧਾਰਣ ਜੀਵਨ ਦੀਆਂ ਸਾਧਾਰਣ ਘਟਨਾਂ ਦਾ ਵੀ ਮੁੱਲ ਹੈ। ਇਹ ਮੁੱਲ ਛੋਟੀ ਕਹਾਣੀ ਹੀ ਸਿੱਧ ਕਰ ਸਕਦੀ ਹੈ।' ਛੋਟੀ ਕਹਾਣੀ ਦੇ ਰੂਪ ਧਾਰਨ ਤੋਂ ਪਹਿਲਾਂ ਇਹ ਅਮੁੱਲਾ ਖਜ਼ਾਨਾ ਜ਼ਾਇਆ ਜਾ ਰਿਹਾ ਸੀ, ਜਿਹੜਾ ਹੁਣ ਸਾਂਭਿਆ ਜਾਣ ਲੱਗ ਪਿਆ ਹੈ। ‘ਛੋਟੀ ਕਹਾਣੀ ਦੇ ਪਰਚੱਲਤ ਹੋਣ ਤੋਂ ਪਹਿਲਾਂ ਅਜਿਹੀਆਂ ਘਟਨਾਂ ਆਮ ਤੌਰ 'ਤੇ ਘਟ ਹੀ ਸਾਹਿਤ ਜਾਂ ਸੰਬੰਧਤ ਵਿਚਾਰ ਦਾ ਵਿਸ਼ੇ ਬਣਦੀਆਂ ਸਨ। ਹੁਣ ਅਜਿਹੀਆਂ ਘਟਨਾ ਲਈ ਵੀ ਸਾਹਿਤ ਵਿਚ ਥਾਉਂ ਬਣ ਗਈ ਹੈ ਤੇ ਦੂਜੇ ਪਾਸੇ ਅਸਾਡੀ ਧਿਆਨ ਸ਼ਕਤੀ ਲਈ ਇਕ ਖੁੱਲਾ ਤੇ ਵਿਸ਼ਾਲ ਅਖਾੜਾ ਮਿਲ ਗਿਆ ਹੈ।

ਦੂਜੇ ਪਾਸੇ, ਸੇਖ ਅਨੁਸਾਰ ਮਹਤਵਪੂਰਨ ਵਿਅਕਤੀਆਂ ਅਤੇ ਮਹਤਵਪੂਰਨ ਘਟਨਾਵਾਂ ਲਈ ਸਿਰਫ਼ ਨਾਵਲ ਵਿਚ ਹੀ ਥਾਂ ਹੁੰਦੀ ਹੈ। ਸਗੋਂ ਨਾਵਲ ਤਾਂ ਸਾਧਾਰਣ ਵਿਅਕਤੀ ਨੂੰ ਜਦੋਂ ਚਿਤ੍ਰਦਾ ਹੈ ਤਾਂ ਨਾਇਕ ਦੀ ਪਦਵੀ ਦੇ ਦੇਂਦਾ ਹੈ, ਉਸ ਨੂੰ ਅਸਾਧਾਰਣ ਅਤੇ ਮਹਤਵਪੂਰਨ ਬਣਾ ਦੇਂਦਾ ਹੈ।

ਘਟਨਾ ਅਤੇ ਪਾਤਰ ਬਾਰੇ ਉਪ੍ਰੋਕਤ ਭਾਂਤ ਦੇ ਸੰਕਲਪ ਨੂੰ ਨਾਵਲ ਅਤੇ ਕਹਾਣੀ ਵਿਚ ਵਿਧਾ-ਮੂਲਕ ਨਿਖੇੜ ਕਰਨ ਲੱਗਿਆਂ ਮਗਰਲੇ ਲਗਭਗ ਸਾਰੇ ਵਿਦਵਾਨਾਂ ਨੇ ਆਪਣੀ ਅਪਣੀ ਅਣਮੋਲ ਲੱਭਤ ਵਜੋਂ ਪੇਸ਼ ਕੀਤਾ ਹੈ - ਉਹਨਾਂ ਨੇ ਵੀ ਜਿਹੜੇ ਬਜ਼ੁਰਗ ਦੀ ਪਦਵੀ ਪਾ ਗਏ ਹਨ, ਅਤੇ ਉਹਨਾਂ ਨੇ ਵੀ ਜਿਹੜੇ ਹੁਣ ਬਹੁਤੇ ਜਵਾਨ ਨਹੀਂ ਰਹੇ।

64