ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਸਿਰਫ਼ ਕਾਰਜ ਅਤੇ ਉਸ ਦਾ ਸਮਾਂ ਤੇ ਸਥਾਨ ਸ਼ਾਮਲ ਨਹੀਂ ਹੁੰਦੇ, ਸਗੋਂ ਉਸ ਦੇ ਕਾਰਨ ਅਤੇ ਅਸਰ ਦੇ ਸੰਕੇਤ ਵੀ ਸ਼ਾਮਲ ਹੁੰਦੇ ਹਨ। ਗਲਪ ਵਿਚ ਵਿਚਾਰ-ਬੰਬ ਵੀ ਨਿਰੋਲ ਕਥਨ ਦੀ ਪੱਧਰ ਉਤੇ ਨਹੀਂ ਹੁੰਦਾ, ਸਗੋਂ ਪਾਤਰਾਂ ਅਤੇ ਘਟਨਾਵਾਂ ਦੇ ਪਿੱਛੇ ਕੰਮ ਕਰ ਦੇ ਮੰਤਕ ਵਜੋਂ ਪੇਸ਼ ਹੁੰਦਾ ਹੈ। (ਬਿੰਬ ਅਰਥਾਉਣ ਬਾਰੇ ਵਿਸਤ੍ਰਿਤ ਗੱਲ ਅਗਲੇ ਕਾਂਡ ਵਿਚ ਕੀਤੀ ਜਾਇਗੀ)।

ਲੇਖਕ ਬਿੰਬ ਵਿਚਲੇ ਅਤਿ ਜ਼ਰੂਰੀ ਤੱਤਾਂ ਵਲ ਸੰਕੇਤ ਕਰ ਦੇਂਦਾ ਹੈ। ਬਾਕੀ ਸਾਰਾ ਕੁਝ ਪਾਠਕ ਨੂੰ ਆਪਣੇ ਨਿਰੀਖਣ, ਤਜ਼ਰਬੇ ਅਤੇ ਕਲਪਨਾ ਵਿਚੋਂ ਪੂਰਨਾ ਪੈਂਦਾ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਰਜਣਾ ਦੀ ਪੱਧਰ ਉਤੇ ਵੀ ਅਤੇ ਸਮੀਖਿਆ ਦੀ ਪੱਧਰ ਉਤੇ ਵੀ ਬਿੰਬ ਦੀ ਹੋਂਦ ਇਕਜੁੱਟ ਇਕਾਈ ਵਜੋਂ ਸਥਾਪਤ ਹੋਣੀ ਚਾਹੀਦੀ ਹੈ। ਖੰਡਿਤ ਬਿੰਬ ਸਿਰਜਣਾ ਨੂੰ ਵੀ ਖੰਡਿਤ ਕਰ ਦੇਂਦਾ ਅਤੇ ਉਸ ਦੇ ਪ੍ਰਭਾਵ ਨੂੰ ਵੀ ਖ਼ਤਮ ਕਰ ਦੇਂਦਾ ਹੈ।

ਵਿਧਾ-ਨਿਖੇੜ ਵਿਚ ਮੁਖ ਮਸਲਾ ਨਿੱਕੀ ਕਹਾਣੀ ਨੂੰ ਪੁਰਾਣੀ ਕਹਾਣੀ ਨਾਲੋਂ ਨਿਖੇੜਣ ਦਾ ਨਹੀਂ, ਕਿਉਕਿ ਇਹ ਨਿਖੇੜ ਇਹਨਾਂ ਦੇ ਪਿੱਛੇ ਕੰਮ ਕਰਦੀ ਸਾਹਿਤ ਸੰਵੇਦਨਾ ਅਤੇ ਸੰਸਾਰ-ਦ੍ਰਿਸ਼ਟੀਕਨ ਕਾਰਨ ਸਪਸ਼ਟ ਹੈ, ਜੋ ਕਿ ਵਸਤੂ ਦੀ ਚੋਣ ਅਤੇ ਉਸ ਨੂੰ ਪੇਸ਼ ਕਰਦੀ ਕਲਾ ਦੇ ਸਰੂਪ, ਇਸ ਦੀ ਸਰਲਤਾ ਜਾਂ ਜਟਿਲਤਾ ਨੂੰ ਵੀ ਨਿਰਧਾਰਤ ਕਰਦੇ ਹਨ। ਨਾ ਹੀ ਮੁੱਖ ਮਸਲਾ ਨਿੱਕੀ ਕਹਾਣੀ ਨੂੰ ਨਾਟਕ, ਇਕਾਂਗੀ, ਕਵਿਤਾ ਆਦਿ ਨਾਲੋਂ ਨਿਖੇੜਣ ਦਾ ਹੈ, ਜੋ ਕਿ ਰੂਪਗਤ ਵਿਸ਼ੇਸ਼ਤਾਈਆਂ ਕਾਰਨੇ ਪ੍ਰਤੱਖ ਨਿਖੇੜ ਰਖਦੇ ਹਨ। ਜਿਥੋਂ ਤਕ ਨਿੱਕੀ ਕਹਾਣੀ ਦਾ ਸੰਬੰਧ ਹੈ, ਇਸ ਦੇ ਵਿਧਾ-ਨਿਖੇੜ ਦੀ ਮੁੱਖ ਸਮੱਸਿਆ ਨਾਵਲ ਨਾਲ ਨਿਖੇੜ ਦੀ ਹੈ, ਜਿਥੇ ਕਿ ਕੇਵਲ ਲੰਮਾ ਜਾਂ ਛੋਟਾ ਹੋਣਾ ਇਹ ਨਿਖੇੜ ਸਥਾਪਤ ਨਹੀਂ ਕਰ ਸਕਦਾ ਕਿਉਂਕਿ ਸਾਨੂੰ ਪਤਾ ਹੈ ਕਿ ਕਹਾਣੀਆਂ ਵੀ ਲੰਮੀਆਂ ਹੋ ਸਕਦੀ ਹਨ ਅਤੇ ਨਾਵਲ ਵੀ ਛੋਟੇ ਹੋ ਸਕਦੇ ਹਨ।

ਪਿਛਲੇ ਕਾਂਡਾਂ ਵਿਚ ਵੀ ਹੋਰ ਕਈ ਗੱਲਾਂ ਦੇ ਨਾਲ ਨਾਲ ਬਹੁਤੇ ਕਹਾਣੀ-ਲੇਖਕਾਂ ਅਤੇ ਆਲੋਚਕਾਂ ਨੇ ਇਹ ਨਿਖੇੜ ਇਸੇ ਪ੍ਰਕਾਰ ਕੀਤਾ ਹੈ ਕਿ ਨਿੱਕੀ ਕਹਾਣੀ ਇਕ ਪਾਤਰ, ਇਕ ਘਟਨਾ, ਇਕ ਰਮਜ਼, ਇਕੱਲੀ ਚੀਜ਼, ਇਕ ਗੱਲ, ਇਕ ਵਾਕਿਆ ਆਦਿ ਨੂੰ ਪੇਸ਼ ਕਰਦੀ ਹੈ, ਪਰ ਅਸੀਂ ਇਸ ਤਰਾਂ ਦੀ ਪੇਸ਼ਕਾਰੀ ਨੂੰ ਗ਼ੈਰ-ਮੰਤਕੀ ਅਤੇ ਅਣਯਥਾਰਥਕ ਸਮਝਦੇ ਹੋਏ ਇਸ ਨਿਖੇੜ ਨੂੰ ਬਿੰਬ-ਰਪ ਵਜੋਂ ਦੇਖ ਸਕਦੇ ਹਾਂ।

ਨਿੱਕੀ ਕਹਾਣੀ ਇਕ ਬਿੰਬ ਦੀ ਸਰਬੰਗੀ-ਪੇਸ਼ਕਾਰੀ ਦਾ ਨਾਂ ਹੈ। ਇਹ ਬਿੰਬ ਪਾਤਰ-ਬਿੰਬ ਵੀ ਹੋ ਸਕਦਾ ਹੈ, ਘਟਨਾ-ਬਿੰਬ ਵੀ, ਵਿਚਾਰ-ਬਿੰਬ ਵੀ। ਘਟਨਾ-ਬਿੰਬ ਨੂੰ ਪੇਸ਼ ਕਰਦੀ ਕਹਾਣੀ ਦਿਲਚਸਪ ਜ਼ਰੂਰ ਹੋਵੇਗੀ, ਪਰ ਉਸ ਦੀਆਂ ਬਹੁਤੀਆਂ ਪਰਤਾਂ ਨਹੀਂ ਹੋਣਗੀਆਂ, ਜਿਸ ਕਰਕੇ ਇਹ ਸੂਖਮ ਸੁਹਜ-ਸੰਤੁਸ਼ਟੀ ਲਈ ਬਹੁਤਾ ਮਸਾਲਾ ਨਹੀਂ ਮੁਹੱਈਆ ਕਰੇਗੀ। ਵਿਚਾਰ ਅਤੇ ਖ਼ਾਸ ਕਰਕੇ ਪਾਤਰ-ਬਿੰਬ ਦੁਆਲੇ ਉਸਰੀਆਂ ਕਹਾਣੀਆਂ{{rh|||71}