ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁ-ਪਰਤਵੀ ਹੋਣ ਕਰਕੇ ਸਾਡੇ ਲਈ ਵਧੇਰੇ ਸੁਹਜ-ਸੰਤੁਸ਼ਟੀ ਦਾ ਕਾਰਨ ਬਣਦੀਆਂ ਹਨ।

ਨਾਵਲ ਵਧੇਰੇ ਵਿਸ਼ਾਲ ਖੇਤਰ ਵਿਚ ਵਿਚਰਦਾ ਹੈ। ਇਸ ਵਿਚ ਕਈ ਪਾਤਰ ਮੁਖ ਰੋਲ ਅਦਾ ਕਰ ਸਕਦੇ ਹਨ, ਮੁੱਖ ਥੀਮ ਦੇ ਨਾਲ ਨਾਲ ਉਪ-ਥੀਮਾਂ ਵੀ ਹੋ ਸਕਦੀਆਂ ਹਨ, ਘਟਨਾਵਾਂ ਦੀ ਵੀ ਲੜੀ ਹੋ ਸਕਦੀ ਹੈ, ਜਿਨ੍ਹਾਂ ਦੀ ਇੱਕੋ ਜਿੰਨੀ ਮਹੱਤਾ ਹੋਵੇ। ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਨਾਵਲ ਸਮਾਜਕ ਯਥਾਰਥ ਦੀ ਮੈਕਰੋ-ਸਟੱਡੀ (ਵੱਡ-ਸਾਰੀ ਅਧਿਐਨ) ਹੈ, ਜਦ ਕਿ ਕਹਾਣੀ ਸਮਾਜਕ ਯਥਾਰਥ ਦੀ ਮਾਈਕਰੋ-ਸਟੱਜੀ ਜਾਂ ਖੁਰਦਬੀਨੀ ਅਧਿਐਨ ਹੈ। ਵਿਗਿਆਨ ਵਿਚ ਇਹ ਦੋਹਾਂ ਤਰਾਂ ਦੇ ਅਧਿਐਨ ਇਕ ਦੂਜੇ ਦੇ ਵਿਰੋਧ ਵਿਚ ਨਹੀਂ ਖੜੌਂਦੇ, ਅਤੇ ਨਾ ਹੀ ਇਕ ਦੀ ਮਹੱਤਾ ਦੂਜੇ ਨਾਲੋਂ ਘੱਟ ਜਾਂ ਵੱਧ ਹੈ। ਸਗੋਂ ਦੋਵੇਂ ਇਕ ਦੂਜੇ ਦੇ ਪੂਰਕ ਹਨ, ਕਿਉਕਿ ਦੋਵੇਂ ਮਿਲਦੇ ਯਥਾਰਥ ਦਾ ਵਖੋ ਵੱਖਰੀ ਪੱਧਰ ਉਤੇ ਅਧਿਐਨ ਕਰਦੇ ਹਨ।

ਲੰਮੀ ਕਹਾਣੀ ਨੂੰ ਵੀ ਛੋਟੇ ਨਾਵਲ ਨਾਲੋਂ ਨਿਖੇੜਨ ਵਾਲੀ ਚੀਜ਼ ਇਹੀ ਹੈ। ਇਕੇ ਬਿੰਬ ਦੀ ਵਿਸਤ੍ਰਿਤ ਪੇਸ਼ਕਾਰੀ ਲੰਮੀ ਕਹਾਣੀ ਹੈ, ਬਹੁਤ ਸਾਰੇ ਬਿੰਬਾਂ ਦਾ ਸੰਖੇਪ ਵਰਨਣ ਛੋਟਾ ਨਾਵਲ ਹੈ। ਦੁੱਗਲ ਦੀ ਕਹਾਣੀ "ਅੰਮੀ ਨੂੰ ਕੀ ਹੋ ਗਿਐ" ਬੁਨਿਆਦੀ ਤੌਰ ਉਤੇ ਕਹਾਣੀ ਹੈ, ਕਿਉਂਕਿ ਇਸ ਵਿਚ ਇਕ ਬਿੰਬ ਉਸਰਦਾ ਹੈ - ਸਰੀਰ-ਵਿਗਿਆਨਕ ਪੱਖ ਤੋਂ ਜ਼ਿੰਦਗੀ ਦੇ ਨਾਜ਼ਕ ਮੋੜ ਉਤੇ ਖੜੀ ਔਰਤ ਦੀ ਮਾਨਸਿਕਤਾ ਦਾ। ਪਰ ਇਸ ਨਾਲੋਂ ਆਕਾਰ ਵਿਚ ਛੋਟੀਆਂ ਅਜੀਤ ਕੌਰ ਦੀਆਂ ਕਹਾਣੀਆਂ ਛਾਲਤ ਔਰਤ, ਪੋਸਟ ਮਾਰਟਮ ਆਦਿ ਛੋਟੇ ਨਾਵਲ ਹੀ ਹਨ, ਕਿਉਂਕਿ ਇਹਨਾਂ ਨੂੰ ਇਕ ਬਿੰਬ ਵਿਚ ਇਕਾਗਰ ਕਰ ਕੇ ਨਹੀਂ ਦੇਖਿਆ ਜਾ ਸਕਦਾ। ਦੁੱਗਲ ਦੀ ਉਪ੍ਰੋਕਤ ਕਹਾਣੀ ਨੂੰ ਨਾਵਲ ਬਨਣ ਲਈ ਜਿਸ ਤਬਦੀਲੀ ਵਿਚੋਂ ਲੰਘਣਾ ਪਿਆ ਹੈ, ਉਹ ਇਹ ਹੈ। ਨਾਵਲ ਅੰਮੀ ਨੂੰ ਕੀ ਹੋ ਗਿਐ ਵਿਚਲੇ ਸਮੁੱਚੇ ਕਾਰਜ ਦੇ ਕਾਰਨਾਂ ਅਤੇ ਅਸਰਾਂ ਦੇ ਪਿੱਛੇ ਮੀਰਾ ਦੀ ਸਿਰਫ਼ ਉਕਤ ਅਵਸਥਾ ਕੰਮ ਨਹੀਂ ਕਰਦੀ, ਸਗੋਂ ਸਮੁੱਚੇ ਸਮਾਜਕ ਯਥਾਰਥ ਪਿੱਛੇ ਕੰਮ ਕਰ ਰਹੀਆਂ ਵੱਖੋ ਵੱਖਰੀਆਂ ਤਾਕਤਾਂ ਕਾਰਜਸ਼ੀਲ ਹੋਈਆਂ ਦਿਖਾਈ ਦੇਂਦੀਆਂ ਹਨ।

ਜੇ ਇਕ ਬਿੰਬ ਦੀ ਸਰਬੰਗੀ ਪੇਸ਼ਕਾਰੀ ਨੂੰ ਕਹਾਣੀ ਦੀ ਪਰਿਭਾਸ਼ਾ ਮੰਨ ਲਿਆ ਜਾਏ, ਤਾਂ ਇਸ ਦੇ ਬਾਕੀ ਰੂਪਗਤ ਲੱਛਣ ਇਸੇ ਇਕ ਦ੍ਰਿਸ਼ਟੀ ਤੋਂ ਦੇਖੇ ਜਾ ਸਕਦੇ ਹਨ। ਹਰ ਕਹਾਣੀ ਆਪਣੀ ਇਸ ਇਕ ਸਮੱਸਿਆ ਦਾ ਸਮਾਧਾਨ ਆਪਣੇ ਨਿਵੇਕਲੇ ਢੰਗ ਨਾਲ ਕਰਦੀ ਹੈ। ਕਹਾਣੀ ਲੋਕ-ਕਥਾ ਵਾਂਗ ਵੀ ਸ਼ੁਰੂ ਹੋ ਸਕਦੀ ਹੈ, ਇਤਿਹਾਸਕ ਚਾਲ ਨਾਲ ਵੀ ਅੱਗੇ ਵਧ ਸਕਦੀ ਹੈ (ਨਿਰਾ ਨਾਟਕੀ ਹੋਣਾ ਜ਼ਰੂਰੀ ਨਹੀਂ), ਧਮਾਕੇ ਵਾਂਗ ਵੀ ਖ਼ਤਮ ਹੋ ਸਕਦੀ ਹੈ, ਪਰ ਜ਼ਰੂਰੀ ਨਹੀਂ। ਚੈਖ਼ੋਵ ਦੀਆਂ ਕਹਾਣੀਆਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਤ ਸੁਰ ਕਰ ਕੇ ਮੁੱਕਦੀਆਂ ਹਨ। ਪਰ ਇਸ ਨਾਲ ਚੈਖ਼ਵ ਦੀਆਂ ਕਹਾਣੀਆਂ ਦਾ ਕਲਾਤਮਕ ਮੁੱਲ ਘਟ ਨਹੀਂ ਗਿਆ। ਸ਼ੈਲੀ ਦੀ ਪੱਧਰ ਉਤੇ ਨਿੱਕੀ ਕਹਾਣੀ ਦੇ ਗੁਣ

72