ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਲਾ ਦੀ ਯਾਦ ਦੁਆਉਂਦੀ ਹੈ। ਮੰਜੀਰੇ ਦਾ ਚੰਗੇਰਾ ਰੱਬ ਵਿਚਲਾ ਸ਼ਬਦ 'ਚੰਗੇਰਾ' ਵੀ ਇਕ ਟਿੱਪਣੀ ਹੀ ਹੈ। ਇਥੇ ਇਕ ਆਦਿਵਾਸੀ ਕਬੀਲਾ ਜੰਗਲਾਂ ਦੇ ਸਾਦੇ, ਸਵੱਛ ਤੇ ਨਿਰਛਲ ਜੀਵਨ ਦਾ ਤਿਆਗ ਕਰ ਕੇ ਸ਼ਹਿਰੀ ਕਦਰਾਂ-ਕੀਮਤਾਂ ਦੇ ਜੰਗਲ ਵਿਚ ਆ ਫਸਿਆ ਹੈ। ਆਪਣੇ ਆਪ ਵਿਚ ਇਹ ਕਹਾਣੀ ਇਕ ਚੰਗੀ ਸਮਾਜ-ਵਿਗਿਆਨਕ ਸਟੱਡੀ ਹੈ।

ਉਪ੍ਰੋਕਤ ਤੋਂ ਹੀ ਇਹ ਨਿਰਣਾ ਕੱਢਿਆ ਜਾ ਸਕਦਾ ਹੈ ਕਿ ਨਿੱਕੀ ਕਹਾਣੀ ਅਸਲ ਵਿਚ ਆਪਣੇ ਪਹਿਲੇ ਵਾਕ ਨਾਲ ਸ਼ੁਰੂ ਨਹੀਂ ਹੁੰਦੀ ਸਗੋਂ ਆਪਣੇ ਸਿਰਲੇਖ ਨਾਲ ਹੀ ਸ਼ਰ ਹੋ ਜਾਂਦੀ ਹੈ। ਸਿਰਲੇਖ ਕਹਾਣੀ ਦੀ ਸੰਰਚਨਾ ਦਾ ਇਕ ਅਨਿੱਖੜ ਅੰਗ ਹੈ। ਕਹਾਣੀ ਦੇ ਸਾਰੇ ਪਾਠਾਂ ਦੇ ਦੌਰਾਨ ਇਹ ਸਾਡੇ ਦਿਮਾਗ਼ ਵਿਚ ਰਹਿੰਦਾ ਹੈ, ਕਹਾਣੀ ਬਾਰੇ ਸਾਡੀ ਸਮਝ ਨੂੰ ਅੰਕੁਸ਼ ਲਾਉਂਦਾ ਰਹਿੰਦਾ ਹੈ ਅਤੇ ਕਹਾਣੀ ਵਿਚ ਪਰਗਟ ਬਿੰਬ ਨੂੰ ਪਛਾਨਣ ਵਿਚ ਅਤੇ ਉਸ ਨੂੰ ਇਕ ਇਕਾਈ ਵਜੋਂ ਸਮਝਣ ਵਿਚ ਸਹਾਈ ਹੁੰਦਾ ਹੈ। ਪਰ ਕਹਾਣੀ ਅਤੇ ਇਸ ਦੇ ਸਿਰਲੇਖ ਵਿਚਲਾ ਸੰਬੰਧ ਮਜ਼ਮੂਨ ਅਤੇ ਇਸ ਦੇ ਸਿਰਲੇਖ ਵਿਚਲੇ ਸੰਬੰਧ ਵਰਗਾ ਨਹੀਂ ਹੁੰਦਾ ਸਗੋਂ ਵਧੇਰੇ ਸੂਖਮ ਅਤੇ ਰਚਣੇਈ ਢੰਗ ਦਾ ਹੁੰਦਾ ਹੈ। ਕਹਾਣੀ ਦੇ ਹਰ ਵਾਕ ਨਾਲ ਇਹ ਸੰਬੰਧ ਉਘੜਦਾ ਹੈ ਅਤੇ ਕਹਾਣੀ ਵਿਚ ਪੇਸ਼ ਬਿੰਬ ਨੂੰ ਪਛਾਣ ਕੇ ਸਿਰਲੇਖ ਨਾਲ ਇਸ ਦਾ ਸੰਬੰਧ ਨਿਸ਼ਚਿਤ ਕਰ ਸਕਣਾ ਆਪਣੇ ਆਪ ਵਿਚ ਇਕ ਲੱਭਤ ਅਤੇ ਸੁਹਜ-ਸੰਤੁਸ਼ਟੀ ਦਾ ਕਾਰਨ ਬਣਦਾ ਹੈ।

ਇਸ ਤਰਾਂ ਨਾਲ ਸਿਰਲੇਖ ਤੋਂ ਲੈ ਕੇ ਆਖ਼ਰੀ ਵਾਕ ਤੱਕ ਨਿੱਕੀ ਕਹਾਣੀ ਇਕ ਬਿੰਬ-ਰੂਪ ਵਿਚ ਢਲੀ ਹੁੰਦੀ ਹੈ।