ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਛੋਟੀ ਕਹਾਣੀ ਦੇ ਵਿਚਾਰਧਾਰਾਈ ਪਰਿਪੇਖ



ਰਚਣੇਈ ਸਾਹਿਤ ਦੇ ਵਿਚਾਰਧਾਰਾਈ ਪਰਿਪੇਖ ਲੱਭਣਾ ਕੋਈ ਸਿੱਧੀ ਜਾਂ ਸੌਖੀ ਜਿਹੀ ਗੱਲ ਨਹੀਂ, ਕਿਉਂਕਿ ਵਿਚਾਰਧਾਰਾ ਸਾਹਿਤ ਵਿਚ ਸਿੱਧੀ ਤਰ੍ਹਾਂ ਨਿੱਖਰ ਕੇ ਸਾਹਮਣੇ ਨਹੀਂ ਆਉਂਦੀ, ਅਤੇ ਜੇ ਕਿਤੇ ਆਉਂਦੀ ਵੀ ਹੈ ਤਾਂ ਪਹਿਲਾਂ ਉਹ ਸਾਹਿਤ ਉਪਰ ਰਚਣੇਈ ਕਾਰਜ ਵਜੋਂ ਲੀਕ ਫੇਰ ਦੇਂਦੀ ਹੈ, ਜਿਸ ਕਰਕੇ ਇਸ ਤਰ੍ਹਾਂ ਦੇ ਸਾਹਿਤ ਦਾ ਸਾਹਿਤ ਵਜੋਂ ਵਿਚਾਰਿਆ ਜਾਣਾ ਸੰਭਵ ਨਹੀਂ ਹੁੰਦਾ, ਭਾਵੇਂ ਆਤਪਰਕ ਪ੍ਰਤਿਕਰਮ ਤਾਂ ਅਸੀਂ ਕਿਸੇ ਚੀਜ਼ ਪ੍ਰਤਿ ਵੀ ਦੇ ਸਕਦੇ ਹਾਂ।

ਬੇਸ਼ਕ ਇਸ ਦਾ ਮਤਲਬ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਵਿਚਾਰਧਾਰਾ ਅਤੇ ਸਾਹਿਤਕ ਰਚਨਾ ਇਕ ਦੂਜੇ ਦੀ ਸੰਗਤ ਵਿਚ ਰਹਿ ਨਹੀਂ ਸਕਦੇ। ਅਸੀਂ ਸਗੋਂ ਇਹ ਗੱਲ ਮੰਨ ਕੇ ਤੁਰਦੇ ਹਾਂ ਕਿ ਵਿਚਾਰਧਾਰਾ ਅਤੇ ਸਾਹਿਤ-ਸਿਰਜਣਾ ਦਾ ਅਨਿੱਖੜ ਸੰਬੰਧ ਹੈ। ਜਿਹੜੇ ਲੋਕ ਇਸ ਮਣੌਤ ਤੋਂ ਇਨਕਾਰੀ ਹੋਣ ਅਤੇ ਇਹ ਕਹਿੰਦੇ ਹੋਣ ਕਿ ਸਾਹਿਤ-ਸਿਰਜਣਾ ਦਾ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ ਹੁੰਦਾ, ਜਾਂ ਨਹੀਂ ਹੋਣਾ ਚਾਹੀਦਾ, ਤਾਂ ਅਸੀਂ ਕਹਾਂਗੇ ਕਿ ਇਹ ਉਹਨਾਂ ਦੀ ਵਿਚਾਰਧਾਰਾ ਹੈ। ਸੋ ਸਾਹਿਤ-ਸਿਰਜਣਾ ਅਤੇ ਵਿਚਾਰਧਾਰਾ ਦੇ ਅਨਿੱਖੜ ਸੰਬੰਧ ਨੂੰ ਮੰਨਣਾ ਜਾਂ ਨਾ ਮੰਨਣਾ ਦੋਵੇਂ ਹੀ ਵਿਚਾਰਧਾਰਕ ਪ੍ਰਗਟਾਅ ਹਨ।

ਪਰ ਜਿਸ ਗੱਲ ਉਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਉਹ ਇਹ ਹੈ ਕਿ ਸਾਹਿਤ ਅਤੇ ਵਿਚਾਰਧਾਰਾ ਦਾ ਸੰਬੰਧ 'ਦੋ ਤੇ ਦੋ - ਚਾਰ’ ਵਾਲਾ ਨਹੀਂ, ਕਿਉਂਕਿ ਸਾਹਿਤ ਸਿਰਜਣਾ ਕੋਈ ਸਰਲ ਪ੍ਰਕਿਰਿਆ ਨਹੀਂ ਅਤੇ ਸਾਹਿਤਕ ਰਚਨਾ ਕੋਈ ਸਰਲ ਵਰਤਾਰਾ ਨਹੀਂ। ਸਰਲ ਦਿਸਦੀ ਰਚਨਾ ਵੀ ਜੇ ਕਲਾਤਮਕ ਹੈ ਤਾਂ ਆਪਣੀ ਪ੍ਰਕਿਰਤੀ ਵਿਚ ਜਟਿਲ ਰਹੀ। ਵਿਚਾਰਧਾਰਾ ਇਸ ਦਾ ਅਨਿੱਖੜ ਅੰਗ ਹੋਣ ਦੇ ਬਾਵਜੂਦ ਇਸ ਨੂੰ ਸਾਕਾਰ ਕਰਨ ਅਤੇ ਇਸ ਨੂੰ ਕਰ ਦੇਣ ਵਾਲਾ ਇੱਕੋ ਇਕ ਘਟਕ ਨਹੀਂ, ਬਹੁਤ ਸਾਰੇ ਘਟਕਾਂ ਵਿਚੋਂ ਇਕ ਹੈ।

ਨਾ ਹੀ ਵਿਚਾਰਧਾਰਾ ਸਾਹਿਤਕ ਸਿਰਜਣਾ ਤੋਂ ਕੋਈ ਬਾਹਰੀ ਵਸਤ ਹੈ। ਸਾਹਿਤ

87