ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਸਮਝਣਾ, ਇਸ ਦੀ ਵਿਆਖਿਆ ਕਰਨ ਜਾਂ ਇਸ ਦਾ ਮੁੱਲ ਪਾਉਣ ਵਿਚ ਵਿਚਾਰਧਾਰਾ ਨੂੰ ਧਿਆਨ ਵਿਚ ਰੱਖਣਾ ਕੋਈ ਸਾਹਿਤ ਤੋਂ ਬਾਹਰੀ ਚੀਜ਼ ਨੂੰ ਸਾਹਿਤ ਉਪਰ ਥੱਪਣਾ ਨਹੀਂ। ਸਵਰਗੀ ਕਰਮਜੀਤ ਸਿੰਘ ਨੇ ਇਸੇ ਤਰ੍ਹਾਂ ਦੀ ਸੋਚਣੀ ਦਾ ਜਵਾਬ ਦੇਣ ਲਈ ਨਦੀ ਦੇ ਬਿੰਬ ਦੀ ਵਰਤੋਂ ਕੀਤੀ ਸੀ ਕਿ ਕੰਢੇ ਨਦੀ ਤੋਂ ਬਾਹਰ ਹੁੰਦੇ ਹਨ, ਪਰ ਇਹਨਾਂ ਤੋਂ ਬਿਨਾਂ ਨਦੀ ਦੀ ਕਲਪਣਾ ਕਰ ਸਕਣਾ ਸੰਭਵ ਨਹੀਂ। ਇਸ ਬਿੰਬ ਵਿਚ ਕੰਢੇ ਵਿਚਾਰਧਾਰਾ ਹਨ ਅਤੇ ਵਹਿੰਦਾ ਪਾਣੀ ਸਾਹਿਤਕ ਸਿਰਜਣਾ। ਦੋਹਾਂ ਦੀ ਇਕ ਦੂਜੇ ਤੋਂ ਬਿਨਾਂ ਕਲਪਣਾ ਨਹੀਂ ਕੀਤੀ ਜਾ ਸਕਦੀ। ਪਰ ਇਹ ਬਿੰਬ ਵੀ ਰੂਚਨਾ ਅਤੇ ਵਿਚਾਰਧਾਰਾ ਦੇ ਰਿਸ਼ਤੇ ਨੂੰ ਸਰਲੀਕ੍ਰਿਤ ਰੂਪ ਵਿਚ ਪੇਸ਼ ਕਰਦਾ ਹੈ, ਜਿਸ ਵਿਚ ਕੰਢੇ ਨਦੀ ਨੂੰ ਰੂਪ ਦੇਣ ਵਾਲਾ ਇੱਕੋ ਇਕ ਘਟਕ ਹੋ ਨਿਬੜਦੇ ਹਨ, ਜਦ ਕਿ ਪਾਣੀ ਦੇ ਗੁਣਾਂ, ਰੂਪ, ਰੰਗ ਅਤੇ ਵਹਿਣ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਬਣਦਾ। ਪਰ ਸਾਹਿਤ ਅਤੇ ਵਿਚਾਰਧਾਰਾ ਦੇ ਸੰਬੰਧ ਵਿਚ ਨਾ ਸਿਰਫ਼ ਕੰਢੇ ਅਤੇ ਵਹਿੰਦਾ ਪਾਣੀ ਦੋਵੇਂ ਹੀ ਸ਼ਾਮਲ ਹੋਣਗੇ ਸਗੋਂ ਇਹਨਾਂ ਤੋਂ ਇਲਾਵਾਂ ਵੀ ਸ਼ਾਇਦ ਬੜਾ ਕੁਝ ਦੇਖਣਾ ਪਵੇ।

ਇਸ 'ਬੜੇ ਕੁਝ' ਵਿਚ ਕਈ ਮਸਲੇ ਹਨ ਜਿਹੜੇ ਅਜੇ ਤਕ ਸਾਹਿਤ ਚਿੰਤਨ ਲਈ ਅੜਾਉਣੀਆਂ ਬਣੇ ਹੋਏ ਹਨ, ਅਤੇ ਕਈ ਧਾਰਨਾਵਾਂ ਹਨ ਜਿਹੜੀਆਂ ਸੱਚੀਆਂ ਹੁੰਦੀਆਂ ਹੋਈਆਂ ਵੀ ਇਕ ਦੂਜੇ ਦੀਆਂ ਵਿਰੋਧੀ ਲੱਗਦੀਆਂ ਹਨ। ਉਦਾਹਰਣ ਵਜੋਂ:

- ਸਾਹਿਤ ਅਤੇ ਵਿਚਾਰਧਾਰਾ ਅਨਿਖੜ ਹਨ; - ਸਾਹਿਤ ਅਤੇ ਵਿਚਾਰਧਾਰਾ ਆਪਣੀ ਆਪਣੀ ਸਵੈਧੀਨ ਹੱਦ ਵੀ ਰੱਖਦੇ ਹਨ। - ਵਿਚਾਰਧਾਰਾਂ ਵਿਅਕਤੀਗਤ ਰੂਪ ਵਿਚ ਪਰਗਟ ਹੁੰਦੀ ਹੈ; - ਵਿਚਾਰਧਾਰਾ ਇਕ ਸਮੂਹ ਦੀ ਹੁੰਦੀ ਹੈ ਜਿਸ ਨੂੰ ਸ਼ਰੇਣੀ ਕਹਿੰਦੇ ਹਨ। — ਲੇਖਕ ਆਪਣੀ ਸ਼ਰੇਣੀ ਦੀ ਵਿਚਾਰਧਾਰਾ ਨੂੰ ਪਰਗਟ ਕਰਦਾ ਹੈ; - ਲੇਖਕ ਆਪਣੀ ਸ਼ਰੇਣੀ ਦੀ ਵਿਚਾਰਧਾਰਾ ਨੂੰ ਉਲੰਘਣ ਜਾਂ ਇਸ ਤੋਂ ਉੱਚਾ ਉੱਠਣ ਦੀ ਸਮਰੱਥਾ ਵੀ ਰੱਖਦਾ ਹੈ, ਅਤੇ ਫਿਰ ਵੀ ਉੱਤਮ ਸਾਹਿਤਕਾਰ ਰਹਿ ਸਕਦਾ ਹੈ। - ਵਿਚਾਰਧਾਰਾ ਆਪਣੀ ਸਮਾਜਿਕ ਭੁਇੰ ਵਿਚੋਂ ਪੈਦਾ ਹੁੰਦੀ ਹੈ; - ਵਿਚਾਰਧਾਰਾ ਦੇ ਕੌਮੀ ਅਤੇ ਕੌਮਾਂਤਰੀ ਪਸਾਰ ਵੀ ਹੁੰਦੇ ਹਨ। - ਵਿਚਾਰਧਾਰਾ ਦਾ ਰੂਪ ਸਾਮਿਅਕ ਹੁੰਦਾ ਹੈ; - ਵਿਚਾਰਧਾਰਾ ਵੀ ਹੋਰ ਹਰ ਹੋਦ ਵਾਂਗ ਇਕ, ਨਿੱਤ ਬਦਲਦੀ ਅਤੇ ਵਿਕਾਸ ਕਰਦੀ ਚੀਜ਼ ਹੈ, ਜਿਸ ਦੀ ਆਪਣੀ ਪਰੰਪਰਾ ਹੁੰਦੀ ਹੈ, ਅਤੇ ਜਿਹੜੀ ਭਵਿੱਖ ਦੇ ਅੰਸ਼ ਆਪਣੇ ਵਿਚ ਲੁਕਾਈ ਬੈਠੀ ਹੁੰਦੀ ਹੈ, ਦੂਜੇ ਸ਼ਬਦਾਂ ਵਿਚ ਵਿਚਾਰਧਾਰਾ ਸਰਬਕਾਲ ਦਾ ਪਰਿਪੇਖ ਆਪਣੇ ਅੰਦਰ ਸਮੋਈ ਰੱਖਦੀ ਹੈ। _

_ਵਿਚਾਰਧਾਰਾ ਲੇਖਕ ਦਾ ਸੁਚੇਤ ਕਰਮ ਹੈ;

88