ਪੰਨਾ:ਨੂਰੀ ਦਰਸ਼ਨ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਮ ਮਿਟਾਏ

ਸ਼ੁਭ ਘੜੀ, ਸ਼ੁਭ ਲਗਨ ਮਹੂਰਤ,
ਮਾਤਾ ਗੁਜਰੀ ਜਾਏ । ਪਟਨੇ ਆਏ।
ਮਾਰ ਦਿਤੇ ਲਿਸ਼ਕਾਰੇ ਐਸੇ,
ਸੱਤ ਦੀਪ ਚਮਕਾਏ । ਦਰਸ ਦਿਖਾਏ।
ਹੱਕ ਹਮਸਾਏ ਦੇਣ ਵਧਾਈਆਂ,
ਕਰ ਕਰ ਖੁਸ਼ੀਆਂ ਚਾਏ । ਅੱਖੀਂ ਚਾਏ।
ਗੰਧਰਭ ਹੋਰ ਅਪੱਛਰਾਂ ਆਈਆਂ,
ਨੂਰੀ ਦਰਸ਼ਨ ਪਾਏ । ਰੂਪ ਵਧਾਏ।
ਸਚ ਖੰਡ ਵਿੱਚੋਂ ਦਿਓਤੇ ਸਾਰੇ,
ਹੁਮ ਹੁਮਾ ਕੇ ਧਾਏ । ਦਰਸ਼ਨ ਪਾਏ।
ਬਾਲੇ ਪਨ ਵਿੱਚ ਗੁਰੂਆਂ ਵਾਲੇ,
ਆ ਉਪਦੇਸ਼ ਸੁਣਾਏ । ਭਰਮ ਮਿਟਾਏ।
ਜ਼ੁਲਮ ਜ਼ਬਰ ਦੇ ਬੱਦਲ ਸਾਰੇ,
ਧੂੜਾਂ ਵਾਂਗ ਉਡਾਏ । ਕਰਮ ਕਮਾਏ।
ਬੇ-ਤਾਣਾਂ ਤੇ ਤਾਣਾਂ ਵਾਲੇ,
ਤੰਬੂ ਤਾਣ ਵਿਖਾਏ । ਦੁਖੀ ਹਸਾਏ।
ਫੜ ਫੜ ਤੇਗਾਂ ਪਾਪੀ ਵੈਰੀ,
ਸੁਸਰੀ ਵਾਂਗ ਸਵਾਏ । ਦੂਣ ਸਵਾਏ।
ਕਰ ਸ਼ਾਦੀ ਪਰਸ਼ਾਦੀ-ਹਾਥੀ,
ਖੁੱਲ੍ਹਾਂ ਨਾਲ ਹੰਡਾਏ । ਮਨ ਪਰਚਾਏ।
ਛੇ ਛੇ ਸੂਰੇ ਪੂਰੇ ਕਰ ਕਰ,
ਸੱਠਾਂ ਨਾਲ ਲੜਾਏ । ਜੋ ਲੜ ਲਾਏ।
ਬੇ-ਪਰਤੀਤੇ ਆਏ ਜੇਹੜੇ,
ਪਿੱਪਲ ਚਾ ਗਿਣਵਾਏ । ਭਰਮ ਮਿਟਾਏ।

੧੦੬.