ਪੰਨਾ:ਨੂਰੀ ਦਰਸ਼ਨ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲ ਕਰਨ ਦੇ ਵਾਸਤੇ ਅਹੁੜਿਆ ਮੈਂ,
ਮੇਰੀ ਓਹਦੀ ਨਿਗਾਹ ਭੀ ਚਾਰ ਹੋ ਗਈ ।

ਉਹਨੂੰ ਕਿਹਾ ਮੈਂ 'ਦਸ ਖਾਂ ਭਾਗਵਾਨੇ,
ਇਹ ਕੀ ਕੀਤੀਆਂ ਗੱਲਾਂ ਨਿਕਾਰੀਆਂ ਤੂੰ ।
ਕੀਤਾ ਰੱਬ ਦਾ ਭਉ ਨ ਭੌਰਿਆਂ ਤੇ,
ਡੰਗ ਲਾ ਲਾ ਡੰਗੀਆਂ ਕਿਆਰੀਆਂ ਤੂੰ ।
ਗਹਿਣਾ ਲਾਹ ਲਾਹ ਫੁੱਲਾਂ ਦਾ ਟਾਣ੍ਹੀਆਂ ਤੋਂ,
ਕਰ ਛੱਡੀਆਂ ਬੁੱਚੀਆਂ ਸਾਰੀਆਂ ਤੂੰ ।
ਤੈਨੂੰ ਕਹਿਣਗੇ ਚਿੱਤ ਕੀ ਬੁਲਬੁਲਾਂ ਦੇ,
ਫੇਰ ਚਲੀ ਏਂ ਜਿਨ੍ਹਾਂ ਤੇ ਆਰੀਆਂ ਤੂੰ !

ਦੇਵੀ ਦਯਾ ਦੀ ਬਾਹਰੋਂ ਜਾਪਦੀ ਏਂ,
ਦਿੱਸੇ ਹੋਰ ਕੁਝ ਅੰਦਰੋਂ ਹਿੱਤ ਤੇਰਾ ।
ਮਹਿੰਦੀ ਵਾਂਗ ਤੂੰ ਉੱਪਰੋਂ ਹਰੀ ਲੱਗੇਂ,
ਖੂਨੀਂ ਜਾਪਦਾ ਏ ਵਿੱਚੋਂ ਚਿੱਤ ਤੇਰਾ ।

ਸਹਿਜ ਭਾ ਦੇ ਨਾਲ ਉਹ ਕੂਈ ਅੱਗੋਂ,
'ਐਡਾ ਝੂਠ ਅਪਰਾਧ ਕਿਉਂ ਤੋਲਿਆ ਈ ।'
'ਮੇਰੀ ਹਿੱਕ ਤੇ ਉੱਕਰੇ ਗਏ ਸਾਰੇ,
ਜੋ ਜੋ ਸੁਖਨ ਬਿਲੱਛਣਾ ਬੋਲਿਆ ਈ ।
'ਐਵੇਂ ਮੇਰੇ ਤੇ ਲਾਈ ਊ ਊਜ ਜੇੜ੍ਹੀ,
ਸੁਣਕੇ ਅਰਸ਼ ਦਾ ਕਿੰਗਰਾ ਡੋਲਿਆ ਈ ।
'ਲੀਰਾਂ ਬਾਝ ਨਹੀਂ ਹੋਰ ਕੁਝ ਮਿਲਣ ਲੱਗਾ,
ਐਵੇਂ ਖਿੱਦੋ ਉਧੇੜ ਕੇ ਫੋਲਿਆ ਈ ।'

'ਜੇ ਤੂੰ ਮੂਰਖ਼ਾ ! ਮੈਨੂੰ ਨਾ ਜਾਣਦਾ ਸੈਂ,
ਮੇਰੀ ਸ਼ਕਲ ਤਾਂ ਵੇਖਣੀ ਚਾਖਣੀ ਸੀ ।
'ਜੇਕਰ ਚੁੱਪ ਕਰਕੇ ਨਹੀਂ ਸੈਂ ਰਹਿਣ ਜੋਗਾ,
ਮੂੰਹੋਂ ਗੱਲ ਤੇ ਜਾਚ ਕੇ ਆਖਣੀ ਸੀ?

੧੧੩.