ਪੰਨਾ:ਨੂਰੀ ਦਰਸ਼ਨ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੇ ਸੂਰਿਆਂ ਨੇ ਸੀਸ ਹਾਥੀਆਂ ਦੇ,
ਵਾਂਗ ਟਿੰਡਾਂ ਦੇ ਭੰਨ ਤ੍ਰੋੜ ਦਿੱਤੇ।

ਕਲਗ਼ੀ ਸਜੀ ਯਾ ਨਿਕਲੀਆਂ ਹੈਨ ਕਿਰਨਾਂ,
ਸੂਰਜ ਮੁੱਖੜਾ ਬਣਿਆਂ ਹਜ਼ੂਰ ਦਾ ਏ।
ਅੱਖਾਂ ਵੇਖ ਕੇ ਠੰਡੀਆਂ ਹੁੰਦੀਆਂ ਨੇ,
ਯਾ ਫੁਹਾਰਾ ਕੋਈ ਛੁੱਟਿਆ ਨੂਰ ਦਾ ਏ।
ਯਾ ਇਹ ਸ਼ਾਹੀ ਦਿਮਾਗ਼ ਦੇ ਸ਼ਬਦ ਵਿੱਚੋਂ,
ਸਿੱਟਾ ਨਿਕਲਿਆ ਅਕਲ ਸ਼ਊਰ ਦਾ ਏ।
ਬੈਠਾ ਹੋਇਆ ਹੁਮਾ ਯਾ ਸੀਸ ਉੱਤੇ,
ਸੜਨ ਵਾਲਿਆਂ ਨੂੰ ਪਿਆ ਘੂਰਦਾ ਏ।

ਤੇਰੇ ਨੀਲੇ ਨੇ ਚਮਕ ਚਮਕੌਰ ਅੰਦਰ,
ਭੌਰ ਤਾਜ਼ੀਆਂ ਦੇ ਬੂਥੇ ਮੋੜ ਦਿੱਤੇ।
ਤੇਰੀ ਤੇਗ਼ ਨੇ ਦਲਾਂ ਨੂੰ ਦਲ ਦਿੱਤਾ,
ਤੇਰੇ ਤੀਰਾਂ ਨੇ ਤਾਰੇ ਤ੍ਰੋੜ ਦਿੱਤੇ।

ਹੱਕ ਖੋਹ ਖੋਹ ਰੰਡੀਆਂ ਰੂੜੀਆਂ ਦੇ,
ਜਿਹੜੇ ਆਪਣੇ ਘਰਾਂ ਵਿੱਚ ਵਾੜਦੇ ਸਨ।
ਤੇਰੇ ਸੁੰਦਰ ਪ੍ਰਸ਼ਾਦੀ ਦੇ ਵੱਲ ਜਿਹੜੇ,
ਕਰ ਕਰ ਕੈਰੀਆਂ ਅੱਖੀਆਂ ਤਾੜਦੇ ਸਨ।
ਜਬਰ, ਈਰਖਾ ਦੇ ਨਸ਼ੇ ਵਿੱਚ ਗੁੱਤੇ,
ਜਿਹੜੇ ਪਲਕ ਨ ਕਦੀ ਉਘਾੜਦੇ ਸਨ।
ਆਰੀ ਜ਼ੁਲਮ ਦੀ ਪਕੜ ਕੇ ਹੱਥ ਅੰਦਰ,
ਜਿਹੜੇ ਅਦਲ ਦਾ ਬਾਗ਼ ਉਜਾੜਦੇ ਸਨ।

ਤੇਗ਼ ਸੂਤ ਕੇ ਕੀਤੇ ਉਹ ਸੂਤ ਸਾਰੇ,
ਫੜਕੇ ਅੱਟੀ ਦੇ ਵਾਂਗ ਮਰੋੜ ਦਿੱਤੇ।
ਜਿਹੜੇ ਸੰਗਲ ਗ਼ੁਲਾਮੀ ਦੇ ਪਏ ਹੋਏ ਸਨ,
ਕੱਚੀ ਤੰਦ ਦੇ ਵਾਂਗ ਤ੍ਰੋੜ ਦਿੱਤੇ।

੧੧੭.