ਪੰਨਾ:ਨੂਰੀ ਦਰਸ਼ਨ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਗ਼ ਵਾਲੀ ਬਿਜਲੀ ਲਿਸ਼ਕਾ ਕੇ ਮਿਆਨ ਵਿੱਚੋਂ,
ਗੜੇ ਵਾਂਗੂੰ ਕੱਢ ਕੇ ਕਮਾਨ ਚੋਂ ਵਸਾਏ ਤੀਰ ।
ਵਿੱਝ ਵਿੱਝ ਵੈਰੀਆਂ ਦੇ ਗੁੱਛੇ ਹੀ ਪਰੋਤੇ ਗਏ,
ਐਸੇ ਸਤ ਨਾਲ ਆਰ ਪਾਰ ਤੂੰ ਲੰਘਾਏ ਤੀਰ ।
ਮਰ ਕੇ ਵੀ ਓਸਨੂੰ ਸਵਾਦ ਕਦੀ ਭੁੱਲਣਾ ਨਹੀਂ,
ਮਿੱਠੇ ਮਿੱਠੇ ਫਲਾਂ ਵਾਲੇ ਜਿਹਨੂੰ ਤੂੰ ਖਵਾਏ ਤੀਰ ।
ਵੱਡੇ ਵੱਡੇ ਅੱਥਰੇ ਕਮਾਨ ਵਾਂਗੂੰ ਹੋਏ ਦੂਹਰੇ,
ਬਿਦ ਕੇ ਚਲਾਉਣੇ ਤੂੰਹੇਂ ਓਹਨਾਂ ਨੂੰ ਭੁਲਾਏ ਤੀਰ ।
ਚੰਦ ਜੇਹੀ ਕਮਾਨ ਤੇਰੀ ਵੈਰੀਆਂ ਦੇ ਸਿਰਾਂ ਉੱਤੇ,
ਬੋਦੀ ਵਾਲੇ ਤਾਰੇ ਫੜ ਫੜ ਕੇ ਚੜ੍ਹਾਏ ਤੀਰ ।
'ਹਰੀ ਹਰੀ' ਬੋਲਿਆ ਬੇਵਸਾ ਹੋਕੇ ਉਹ ਭੀ ਮੂੰਹੋਂ,
ਹਰੀ ਚੰਦ ਰਾਜੇ ਨੂੰ ਜਾਂ ਛੱਡ ਕੇ ਵਿਖਾਏ ਤੀਰ ।
ਜਿੱਥੇ ਕੋਈ ਜਨੌਰ ਜਾਕੇ ਪਰਾਂ ਨੂੰ ਨਾ ਛੰਡ ਸਕੇ,
ਲਾ ਲਾ ਖੰਭ ਚਿੱਠੀਆਂ ਦੇ ਓਥੇ ਤੂੰ ਪੁਚਾਏ ਤੀਰ ।
ਖਾ ਖਾ ਡੰਗ ਜ਼ਹਿਰੀ ਪਾਣੀ ਮੰਗਿਆ ਨਾ ਵੈਰੀਆਂ ਨੇ,
ਉੱਡਣੇ ਸਪੋਲੀਏ ਉਹ ਕਾਨੀ ਦੇ ਉਡਾਏ ਤੀਰ ।
ਜਿਨ੍ਹਾਂ ਵਿੰਗੇ ਟੇਢਿਆਂ ਨੂੰ ਵੰਝਲੀ ਨਾ ਸੋਧ ਸੱਕੀ,
ਪਲਾਂ ਵਿੱਚ ਸਿੱਧੇ ਤੁੱਕ ਕਰ ਤੂੰ ਬਣਾਏ ਤੀਰ ।
ਮੇਰੇ ਤੋਂ ਨਹੀਂ ਗਿਣੇ ਜਾਂਦੇ ਕੀਕੂੰ ਦੱਸਾਂ ਗਿਣ ਕੇ ਮੈਂ,
ਕਿਹੋ ਕਿਹੋ ਜਹੇ ਤੇਰੇ ਦੁਨੀਆਂ ਨੂੰ ਭਾਏ ਤੀਰ ।
ਸੈਦਖ਼ਾਨ ਜਿਹਾ ਆ ਕੇ ਹੋ ਗਿਆ ਸ਼ਿਕਾਰ ਆਪੇ,
ਐਸੇ ਨੂਰੀ ਨੈਣਾਂ ਵਿਚੋਂ ਹੱਸਕੇ ਚਲਾਏ ਤੀਰ ।
ਡਿੱਗਾ ਜਦੋਂ ਪੈਰਾਂ ਵਿੱਚ ਬੋਲਿਆ ਬੇਵੱਸ ਹੋਕੇ,
ਕੱਢਣਾ ਪਰੇਮ ਦੇ ਕਲੇਜਿਓਂ ਨਾ ਹਾਏ ਤੀਰ ।
ਗੁੰਮੀ ਹੋਈ ਸੂਈ ਜਿੱਨਾਂ ਪੁੱਤਾਂ ਦਾ ਨਾ ਗ਼ਮ ਕੀਤਾ,
ਬੁੱਧੂ ਸ਼ਾਹ ਦੇ ਦਿਲ ਵਿਚ ਏਹੋ ਜਹੇ ਧਸਾਏ ਤੀਰ ।

૧੩૧.