ਪੰਨਾ:ਨੂਰੀ ਦਰਸ਼ਨ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸ਼ਹਿਨਸ਼ਾਹਾਂ ਦੇ ਹਿਰਦੇ ਡੋਲੇ
ਏਹਦੀਆਂ ਵੇਖ ਅਦਾਵਾਂ,
ਜ਼ੁਹਲ *ਮਰੀਖ਼ ਅਕਾਸ਼ੀ ਕੰਬੇ
ਵੇਖ ਇਹਦਾ ਪਰਛਾਵਾਂ ।
ਏਹ ਪਦਮਣੀ ਸ਼ੀਸ਼ੇ ਅੰਦਰ
ਜੇਕਰ ਮੂੰਹ ਵਿਖਾਵੇ,
ਦਿਲ ਵੈਰੀ ਦੇ ਵਾਂਗਰ ਕਚ ਦੇ
ਟੋਟੇ ਹੋ ਹੋ ਜਾਵੇ ।
ਬਿਜਲੀ ਬਣ ਕੇ ਰਣ ਵਿਚ ਲਿਸ਼ਕੀ
ਬੱਦਲ ਬਣ ਕੇ ਕੜਕੀ,
ਮੱਛੀ ਵਾਂਗੂੰ ਤੜਫੀ ਜਾ ਜਾ
ਏਹ ਲੜਾਕੀ ਲੜਕੀ,
ਰੜਕੀ ਅੱਖੀ ਵੈਰੀ ਦੀ ਖੱਬੀ
ਨਾਲੇ ਛਾਤੀ ਧੜਕੀ,
ਤਿਖੀ ਧਾਰੋਂ ਆਬ ਪਿਲਾ ਕੇ
ਮੱਠੀ ਕੀਤੀ ਭੜਕੀ ।
ਵਾਲ ਜਿੰਨੀ ਨਾ ਰੜਕੀ ਕਿਧਰੇ
ਸਾਫ ਸਰੀਰੋਂ ਨਿਕਲੀ,
ਵਿਚੇ ਵਿਚ ਹੀ ਲਾ ਗਈ ਡੀਕਾਂ
ਰੱਤ ਨਾ ਚੀਰੋਂ ਨਿਕਲੀ ।
ਝਬਣੀਆਂ ਦੇ ਵਾਂਗੂੰ ਟੇਢੀ
ਬਾਂਕੇ ਵਾਰ ਚਲਾਏ
ਸਿਰ ਫੌਜਾਂ ਦੇ ਝੰਬੇ ਐਸੀ
ਫੁਟੀਆਂ ਵਾਂਗ ਉਦਾਵੇ,


  • ਸਨੀਚਰ ਤੇ ਮੰਗਲ ਸਤਾਰੇ ।
    ੧੩੪.