ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਤੇ ਮੱਛੀਆਂ ਵਾਂਗ ਪਏ ਲੁੱਛਦੇ ਸਨ,
ਫੱਟੇ ਹੋਏ ਕਈ ਓਸ ਮੈਦਾਨ ਅੰਦਰ ।
ਲਹਿਰ ਵਾਂਗ ਇਕ ਖਾਲਸਾ ਗੁਰੂ ਜੀ ਦਾ,
ਪਿਆ ਫਿਰਦਾ ਸੀ ਓਸ ਤੂਫਾਨ ਅੰਦਰ ।
ਗਿਰਦੇ ਚੰਨ ਦੇ ਲੀਕ ਸੀ ਗਾਤਰੇ ਦੀ,
ਐਡਾ ਤੇਜ ਸੀ ਤੇਜ਼ ਕ੍ਰਿਪਾਨ ਅੰਦਰ ।
ਡਲ੍ਹਕਾਂ ਨਿਕਲ ਕੇ ਧਾਰ ਦੀ ਗੱਦ ਵਿਚੋਂ,
ਜਾ ਜਾ ਵੜਦੀਆਂ ਸਨ ਤਿੱਖੜ ਭਾਨ ਅੰਦਰ ।
ਹੈ ਸੀ ਪਾਣੀ ਪਿਔਂਦਾ, ਉਹ ਫੱਟੜਾਂ ਨੂੰ,
ਗੁੱਝਾ ਰੁੱਝਾ ਪਰ ਕਿਸੇ ਗਿਆਨ ਅੰਦਰ ।
ਨਹੀਂ ਸੀ ਰੱਖਦਾ ਵਿਤਕਰਾ ਵਾਲ ਜਿੰਨਾ
ਨਾ ਕਿਸੇ ਸਿੱਖ ਹਿੰਦੂ ਮੁਸਲਮਾਨ ਅੰਦਰ ।
ਕੀਤੀ ਸਿੰਘਾਂ ਸ਼ਿਕਾਇਤ ਜਾ ਗੁਰਾਂ ਅੱਗੇ,
ਆਇਆ ਖਿੱਚਿਆ ਤੁਰਤ ਫੁਰਮਾਨ ਅੰਦਰ ।
ਬੋਲੇ ਗੁਰੂ ਜੀ 'ਭਾਈ ਘਨੱਈਆ ਜੀਉ !
'ਕੀ ਏਹ ਕਹਿੰਦੇ ਨੇ ਸਿੰਘ ਦੀਵਾਨ ਅੰਦਰ ?
'ਜੇਹੜਾ ਜੜ੍ਹਾਂ ਵੱਢੇ, ਉਹਨੂੰ ਜਲ ਦੇਵੇਂ,
ਚੰਗਾ ਰੁੱਝਿਓਂ ਪੁੰਨ ਤੇ ਦਾਨ ਅੰਦਰ ?'
ਹੱਥ ਬੰਨ੍ਹਕੇ ਓਹਨੇ ਇਹ ਅਰਜ਼ ਕੀਤੀ:-
'ਹੁਣ ਕੋਈ ਵੈਰੀ ਨਹੀਂ ਮੇਰਾ ਜਹਾਨ ਅੰਦਰ ।
'ਜਿੱਧਰ ਵੇਖਦਾ ਹਾਂ ਤੇਰਾ ਰੂਪ ਜਾਪੇ,
ਕਲਗ਼ੀ ਵਾਲਿਆ ! ਜ਼ਿਮੀਂ ਅਸਮਾਨ ਅੰਦਰ ।
ਦਸਮ ਪਾਤਸ਼ਾਹ ਏਡੇ ਅਨੰਦ ਹੋਏ,
ਸੁਣ ਕੇ ਉੱਚ ਖ਼ਿਆਲੀ ਬਿਆਨ ਅੰਦਰ ।
'ਸ਼ਰਫ਼' ਹੱਥ ਦਾ ਖ਼ਾਸ ਰੁਮਾਲ ਦਿੱਤਾ,
ਵਰ ਬਖ਼ਸ਼ਿਆ ਨਾਲੇ ਜ਼ਬਾਨ ਅੰਦਰ ।

੧੩੮.