ਪੰਨਾ:ਨੂਰੀ ਦਰਸ਼ਨ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਤੂੰ ਬਾਲ ਵਰੇਸ ਵਿਚ ਤੀਰ ਮਾਰੇ,
ਅਸਾਂ ਸੀਨੇ ਨੂੰ ਢਾਲ ਬਣਾ ਦਿੱਤਾ ।
ਜੇ ਤੂੰ ਪਿਤਾ ਜੀ ! ਸਾਡਿਆਂ ਦਿਲਾਂ ਅੰਦਰ,
ਨੂਰੀ ਬੂਟੜਾ ਕਲਗ਼ੀ ਦਾ ਲਾ ਦਿੱਤਾ ।
ਸਿੰਜ ਸਿੰਜ ਕੇ ਜਿਗਰ ਦੀ ਰੱਤ ਓਹਨੂੰ,
ਪਾਲ ਪੋਸ ਕੇ ਅਸਾਂ ਵਿਖਾ ਦਿੱਤਾ ।
ਜੇ ਤੂੰ ਬਾਜ਼ ਦਾ ਬਖ਼ਸਿਆ ਖੰਭ ਸਾਨੂੰ,
ਅਸਾਂ ਤਾਜ ਤੇ ਓਹਨੂੰ ਸਜਾ ਦਿੱਤਾ ।
ਤੇਰੇ ਨੀਲੇ ਦੀ ਕਿਤੋਂ ਜੇ ਖੁਰੀ ਮਿਲ ਗਈ,
ਓਹਨੇ ਖ਼ੁਸ਼ੀ ਦਾ ਚੰਦ ਚੜ੍ਹਾ ਦਿੱਤਾ ।
ਜੇ ਤੂੰ ਮੰਗਿਆ ਸੀਸ ਇਕ ਕਦੀ ਸਾਥੋਂ,
ਅਸਾਂ ਪੰਜਾਂ ਦਾ ਢੋਆ ਪੁਚਾ ਦਿੱਤਾ ।
ਜੇ ਤੂੰ ਕਿਹਾ ਬੰਦੂਕ ਮੈਂ ਪਰਖਣੀ ਏਂ,
ਅਸਾਂ ਸੀਨਾਂ ਨਿਸ਼ਾਨ ਬਣਾ ਦਿੱਤਾ ।
ਫੱਕਾ ਇਕ ਜੇ ਕੱਚਿਆਂ ਛੋਲਿਆਂ ਦਾ,
ਸਾਡੇ ਝੋਲਿਆਂ ਵਿਚ ਤੂੰ ਪਾ ਦਿੱਤਾ ।
ਚੋਗਾ ਸਮਝ ਕੇ ਸੁੱਚਿਆਂ ਮੋਤੀਆਂ ਦਾ,
ਅਸਾਂ ਉਸੇ ਤੇ ਝੱਟ ਲੰਘਾ ਦਿਤਾ ।
ਜੇ ਤੂੰ ਕੱਜਲਾ ਰੋਬ ਤੇ ਧਮ੍ਹੇਂ ਵਾਲਾ,
ਅੱਖਾਂ ਸਾਡੀਆਂ ਦੇ ਅੰਦਰ ਪਾ ਦਿੱਤਾ ।
ਅਸਾਂ ਓਸੇ ਦੀ ਧਾਰੀਓਂ ਤੇਗ਼ ਲੈਕੇ,
ਜਿੱਧਰ ਨਜ਼ਰ ਕੀਤੀ ਜਗ ਉਲਟਾ ਦਿਤਾ ।
ਜੇ ਤੂੰ ਆਪਣੇ ਜਿਗਰ ਦੇ ਟੋਟਿਆਂ ਨੂੰ,
ਨੀਹਾਂ ਕੰਧਾਂ ਦੇ ਵਿਚ ਚਿਣਾ ਦਿਤਾ।
ਜੇ ਅਸਾਂ ਪਿਤਾ ਜੀ ! ਤੇਰੀਆਂ ਬੱਚੀਆਂ ਨੂੰ,
ਐਸਾ ਸਬਰ ਦਾ ਸਬਕ ਪੜ੍ਹਾ ਦਿਤਾ ।

੧੫੭.