ਪੰਨਾ:ਨੂਰੀ ਦਰਸ਼ਨ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਨਾਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ,
ਅੱਖਾਂ ਸਾਹਮਣੇ ਪਹਿਲੋਂ ਕੁਹਾ ਦਿਤਾ ।
ਪਿਛੋਂ ਹਾਰ ਬਣਵਾਕੇ ਬੋਟੀਆਂ ਦਾ,
ਇਕ ਦੂਜੇ ਦੇ ਗਲੇ ਪਵਾ ਦਿਤਾ ।
ਜੇ ਤੂੰ ਅਸਾਂ ਨੂੰ ਸਬਰ ਤੇ ਸ਼ਾਂਨਤੀ ਦਾ,
ਹੱਸ ਹੱਸ ਕੇ ਸ਼ਬਦ ਸੁਣਾ ਦਿੱਤਾ ।
ਕੀਤੀ ਹੁੱਤ ਨਾ ਅਸਾਂ ਵੀ ਝੱਟ ਜਾਕੇ,
ਆਪਾ ਚਰਖ਼ੀਆਂ ਉੱਤੇ ਚੜ੍ਹਾ ਦਿਤਾ ।
ਤੇਰੇ ਸਿਦਕ ਪਰੇਮ ਦੇ ਤੱਕਲੇ ਤੇ,
ਐਸਾ ਦਿਲਾਂ ਨੂੰ ਸੂਤ ਬਣਾ ਦਿਤਾ ।
ਜੇਕਰ ਤੂੰ ਰੁਆਇਆ ਤੇ ਅਸੀਂ ਰੋ ਪਏ,
ਅਸੀਂ ਹੱਸੇ, ਜੇ ਤੂੰ ਹਸਾ ਦਿਤਾ ।
ਤੂਹੇਂ ਦੱਸ ਦੇ ਹੋਰ ਜੇ ਬੋਲ ਤੇਰਾ,
ਅਸਾਂ ਜਾਣ ਕੇ ਹੋਵੇ ਘੁਥਾ ਦਿਤਾ ।
ਭੁੱਲ ਵਿਚ ਜੇ ਪਿਤਾ ਜੀ ਅਸਾਂ ਕੋਈ,
ਤੇਰੇ ਹੁਕਮ ਦਾ ਮੋਤੀ ਗਵਾ ਦਿਤਾ ।
ਤਾਂ ਤੂੰ ਆਪ ਓਹ ਮੇਹਰ ਉਪਕਾਰ ਤੱਕੀਂ,
ਡੁੱਬੀ ਹਿੰਦ ਨੂੰ ਜਿਨ੍ਹੇ ਬਚਾ ਦਿੱਤਾ ।
ਲਿਖਤ ਪਾੜ ਬੇਦਾਵੇ ਦੀ ਜਿਕੂੰ ਪਹਿਲੋਂ,
ਸਾਡਾ ਮਾਨ ਸੀ ਤੁਸਾਂ ਵਧਾ ਦਿਤਾ ।
ਓਸੇ ਤਰਾਂ ਹੀ ਰੱਖ ਲੈ ਲਾਜ ਹੁਣ ਵੀ,
ਅਸਾਂ ਵਾਸਤਾ ਸਿੱਖੀ ਦਾ ਪਾ ਦਿਤਾ ।
ਵੇਖੀਂ ਮੋਤੀਆਂ ਵਾਲਿਆ ਜ਼ਰਾ ਅਰਸ਼ੋਂ,
ਕੀਹ ਕੁਝ ਜੱਗ ਨੇ ਜ਼ੁਲਮ ਕਮਾ ਦਿਤਾ।
ਤੇਰੇ ਹਾਰ ਦੇ ਸੁੱਚਿਆਂ ਹੀਰਿਆਂ ਨੂੰ,
ਫੜਕੇ ਖ਼ਾਕ ਦੇ ਵਿਚ ਰੁਲਾ ਦਿਤਾ।

੧੫੮.