ਪੰਨਾ:ਨੂਰੀ ਦਰਸ਼ਨ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਤੇ ਰਾਖਿਆਂ ਨੀਂਦ ਵਿਗੁੱਤਿਆਂ ਨੇ,
ਤੇਰਾ ਪ੍ਰੇਮ ਬਗੀਚਾ ਲੁਟਾ ਦਿਤਾ।
ਤੇ ਕੁਝ ਬੇ ਇਤਫ਼ਾਕੀ ਦੀ ਲੋਅ ਤੱਤੀ,
ਵੱਗ ਵੱਗ ਕੇ ਸਾੜ ਸੁਕਾ ਦਿਤਾ।
ਓਸੇ ਤਰਾਂ ਮੁੜ ਏਸ ਦੀ ਸ਼ਾਨ ਸਾਜੋ,
ਜਿਵੇਂ ਅੱਗੇ ਸੀ ਤੁਸਾਂ ਮਹਿਕਾ ਦਿਤਾ।
'ਸ਼ਰਫ਼' ਅਸੀਂ ਵੀ ਕਹਾਂਗੇ ਫੇਰ ਤਾਂਤੇ,
ਸਾਡੇ ਗੁਰੂ ਨੇ ਸਾਨੂੰ ਵਸਾ ਦਿਤਾ ।
--੦--


ਗਿਲਾ


ਰੋ ਰੋ ਖਾਲਸਾ ਕੱਲ੍ਹ ਇਕ ਆਖਦਾ ਸੀ,
ਗੁਰ ਜੀ ਛੱਡ ਨਾ ਬਿਨਾ ਕਸੂਰ ਸਾਨੂੰ ।
ਸਿਰ ਜਾਏ ਤੇ ਸਿਰੜ ਨਾ ਕਦੀ ਜਾਏ,
ਆਪੇ ਦੱਸਿਆ ਤੁਸਾਂ ਦਸਤੂਰ ਸਾਨੂੰ ।
ਹੁਣ ਪਏ ਸ਼ਾਨਤੀ ਦੀ ਪੱਟੀ ਬੰਨ੍ਹਦੇ ਹੋ,
ਅੰਮ੍ਰਿਤ ਪਾਨ ਦਾ ਚਾੜ੍ਹ ਸਰੂਰ ਸਾਨੂੰ ।
ਚੋਜਾਂ ਵਾਲਿਆ ਆਪੇ ਤੂੰ ਭੁੱਲ ਬੈਠੋਂ,
ਕਰ ਕੇ ਜੱਗ ਦੇ ਵਿਚ ਮਸ਼ਹੂਰ ਸਾਨੂੰ ।
ਅਬਚਲ ਨਗਰ ਵਾਲੀ ਮਿਠੀ ਨੀਂਦਰ ਅੰਦਰ,
ਜੇਕਰ ਵਿੱਸਰੇ ਤੁਸੀਂ ਹਜ਼ੂਰ ਸਾਨੂੰ ।
ਤਾਂਤੇ ਫੱਟ ਪੁਰਾਣੇ ਅਜ ਨਵੇਂ ਸਿਰਿਓਂ,
ਪੈ ਗਏ ਦੱਸਣੇ ਫੇਰ ਜ਼ਰੂਰ ਸਾਨੂੰ ।

੧੫੯.