ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੇਰੇ ਚਰਨਾਂ ਦਾ ਖੋਜ ਜੋ ਮੇਟਦਾ ਸੀ,
ਅਸੀਂ ਜੱਗ ਤੋਂ ਓਹਨੂੰ ਮਿਟਾਂਵਦੇ ਸਾਂ ।
ਤੇਰੇ ਨਾਮ ਪਵਿੱਤ੍ਰ ਦੇ ਜਾਪ ਬਦਲੇ,
ਦੌਲਤ ਦੁਨੀਆਂ ਦੀ ਮੂੰਹ ਨ ਲਾਂਵਦੇ ਸਾਂ ।
ਸਿਰੋ ਪਾ ਜਗੀਰਾਂ ਨੂੰ ਸਮਝਦ ਖਿੱਦੋ,
ਅਸੀਂ ਠੇਡਿਆਂ ਨਾਲ ਉਡਾਂਵਦੇ ਸਾਂ ।
ਪਰਲੋ ਤੀਕ ਉਹ ਕਦੀ ਭੀ ਭੁਲਣਾ ਨਹੀਂ,
ਮੁਕਤਸਰ ਦਾ ਜਲਵਾ ਕੋਹਤੂਰ ਸਾਨੂੰ ।
ਧੰਨ ਧੰਨ ਸਿੱਖੀ ਤੂੰ ਭੀ ਆਖਿਆ ਸੀ,
ਕਰਕੇ ਆਪਣੀ ਨਜਰ ਮਨਜ਼ੂਰ ਸਾਨੂੰ ।
ਤਰਨਾ ਦਲ ਜੇ ਚੜ੍ਹ ਪਿਆ ਕਦੀ ਸਾਡਾ,
ਬਾਸ਼ਕ ਨਾਗ ਦੀ ਧੌਣ ਭੀ ਹੰਬਦੀ ਸੀ ।
ਤੀਰ ਵੇਖ ਕੇ ਤੇਰਿਆਂ ਬੰਦਿਆਂ ਦੇ,
ਪਈ ਦਿੱਲੀ ਦੀ ਭੌਂ ਵੀ ਕੰਬਦੀ ਸੀ ।
ਪਿੱਤੇ ਫੁੱਟੀਆਂ ਹੁੰਦੇ ਸਨ ਰੁਸਤਮਾਂ ਦੇ,
ਅਸਾਂ ਤੇਗ ਦੀ ਝੰਬਣੀ ਝੰਬਦੀ ਸੀ ।
ਅੱਗ ਵੇਖ ਕੇ ਸਾਡੀ ਬਹਾਦਰੀ ਦੀ,
ਹਾਂਡੀ ਰਿੱਝਦੀ *ਕਾਹਨੂਆਂ ਛੰਭ ਦੀ ਸੀ ।
ਤਿੱਖੇ, ਖਿੰਘਰ ਉਹ ਪਰਬਤਾਂ ਖੂੰਧਰਾਂ ਦੇ,
ਹੈਸਨ ਲੱਗਦੇ ਵਾਂਗ +ਸਮੂਰ ਸਾਨੂੰ ।
ਚੰਨ ਪੂਰਨਮਾਸ਼ੀ ਦਾ ਜਾਪਦਾ ਸੀ,
ਤੇਰੀ ਕਲਗੀ ਪਿਆਰੀ ਦਾ ਨੂਰ ਸਾਨੂੰ ।
ਸੁੰਦਰ ਮੀਰ ਸ਼ਿਕਾਰੀਆ ਕੇਸ ਤੇਰੇ,
ਪੈ ਗਏ ਗਲਾਂ ਦੇ ਵਿਚ ਕਮੰਦ ਹੋ ਕੇ ।
- ਕਾਹਨੂੰਵਾਨ ਦਾ ਛੰਭ । +ਰੇਸ਼ਮ ਤੋਂ ਨਰਮ ਬਸਤ੍ਰ ।
੧੬੧.