ਪੰਨਾ:ਨੂਰੀ ਦਰਸ਼ਨ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਕੇ ਮਾਨ ਜਮਸ਼ੈਦ ਨੇ *'ਠੀਕਰੀ' ਦਾ,
ਗੱਲਾਂ ਕੀਤੀਆਂ ਬਹੁਤ ਬੇ-ਓਟੀਆਂ ਸਨ ।
ਅੰਤਰਯਾਮੀਆਂ ! ਤੂੰ ਸ਼ੀਸ਼ੇ-ਦਿਲ ਵਿੱਚੋਂ,
ਕਾਰਾਂ ਵੇਖ ਲਈਆਂ ਖਰੀਆਂ ਖੋਟੀਆਂ ਸਨ ।
ਭਰੀ ਹੱਕ ਦੀ ਵੇਖ ਕੇ ਨਿਗ੍ਹਾ ਤੇਰੀ,
ਲਹੂ ਦੁੱਧ ਵਗੌਂਦੀਆਂ ਰੋਟੀਆਂ ਸਨ ।
ਪੰਜੇ ਨਾਲ ਪਹਾੜ ਨੂੰ ਡੱਕ ਲੈਣਾ,
ਇਹ ਗਲਾਂ ਤੇ ਛੋਟੀਆਂ ਛੋਟੀਆਂ ਸਨ ।
ਦੀਨਾਂ ਬੰਧੂ ਜੀ ਖ਼ਿਜਰ ਖ਼੍ਵਾਜ ਬਣ ਕੇ,
ਤੁਸੀਂ ਭੁਲਿਆਂ ਨੂੰ ਰਾਹੇ ਪਾਉਣ ਆਏ ।
ਚੱਪੇ ਮਾਰਕੇ 'ਇੱਕ-ਓਂਕਾਰ' ਵਾਲੇ,
ਰੁੜ੍ਹਦੇ ਬੇੜਿਆਂ ਨੂੰ ਬੰਨੇ ਲਾਉਣ ਆਏ ।
ਸਤਿਨਾਮ ਦਾ ਸੂਰਜ ਚੜ੍ਹਾ ਕੇ ਤੂੰ,
ਬਾਂਕੀ ਮਾਲਾ ਦੀਆਂ ਕਿਰਨਾਂ ਪੌਣ ਵਾਲੇ ।
ਦਾਣਾ ਤਿਲ ਦਾ ਸੰਗਤਾਂ ਸਾਰੀਆਂ ਨੂੰ,
ਰਿੱਧੀ ਸਿੱਧੀ ਦੇ ਨਾਲ ਵਰਤੌਣ ਵਾਲੇ ।
ਬਰਛੇ ਮਾਰ ਕੇ ਸ਼ੋਰ-ਜ਼ਮੀਨ ਉੱਤੇ,
ਮਿੱਠੇ ਜਲਾਂ ਦੇ ਸੋਮੇ ਵਗੌਣ ਵਾਲੇ ।
ਸੱਚ ਖੰਡ ਦੇ ਵਾਸੀਆ ! ਸੱਚ ਆਖਾਂ ,
ਤੇਰੇ ਜੱਸ ਨਹੀਂ ਗਿਣਤੀ 'ਚ ਔਣ ਵਾਲੇ ।
ਪੈ ਗਏ ਡੱਬ ਸਿਆਹੀ ਦੇ ਮੁੱਖੜੇ ਤੇ,
ਦਾਗ਼ਦਾਰ ਹੈ ਚੰਨ ਦਾ ਨੂਰ ਹੋਯਾ ।
ਤੇਰੇ ਚਰਨਾਂ ਦੀ ਧੂੜ ਨਾ ਮਿਲੀ ਏਨੂੰ,
ਫੋਲਾ ਅੱਖ ਦਾ ਤਦੇ ਨਾ ਦੂਰ ਹੋਯਾ ।


  • ਜਮਸ਼ੇਦ ਬਾਦਸ਼ਾਹ ਦਾ ਪਿਆਲਾ ॥

੧੭.