ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਇਕ ਓਂਕਾਰ ਦੇ ਬਾਨੀਆਂ ਵੇ !
ਬਹੁੜੀਂ ਲੱਗੀ ਬੁਝਾ ਇਹ ਤੱਸ ਜਾਵੀਂ ।
ਸੋਮੇ ਨੂਰ ਦੇ ਨੈਨ ਵਿਖਾਲ ਸੁੰਦਰ,
ਪੱਥਰ ਹਿਰਦਿਆਂ ਦੇ ਅੰਦਰ ਧੱਸ ਜਾਵੀਂ ।
ਖੂੰਡੀ ਕੱਛ ਤੇ ਮੱਝੀਆਂ ਹੋਣ ਅੱਗੇ,
ਕੋਲੋਂ ਲੰਘਦਾ ਦਿਲਾਂ ਨੂੰ ਖੱਸ ਜਾਵੀਂ ।
ਖੇਤ ਨੇਕੀ ਦੇ ਔੜ ਉਜਾੜ ਸੁੱਟੇ,
ਬਣ ਕੇ ਮੀਂਹ ਉਪਕਾਰ ਦਾ ਵੱਸ ਜਾਵੀਂ ।
ਪਿਆ ਪਾਸਕੂ ਧਰਮ ਦੀ ਤੱਕੜੀ ਨੂੰ,
ਲਾਵਾਂ ਏਦੀਆਂ ਫੇਰ ਹੁਣ ਕੱਸ ਜਾਵੀਂ ।
ਕੇੜ੍ਹੀ ਹਟੀਓਂ ਮਿਲੇਗਾ ਖਰਾ ਸੌਦਾ ?
ਨਾਲੇ ਓਸ ਦਾ ਪਤਾ ਵੀ ਦੱਸ ਜਾਵੀਂ ।
ਦੱਸਾਂ ਹਾਲ ਕੀ ਤੈਨੂੰ ਮੈਂ ਹਿੰਦੀਆਂ ਦਾ ?
ਏਨ੍ਹਾਂ ਪੁੱਤਰਾਂ ਤੋਂ ਜਾਨ ਸੜੀ ਹੋਈ ਏ ।
ਕਿਸੇ ਜੰਞੂ ਵਿਰੋਧ ਦਾ ਗਲੇ ਪਾਯਾ,
ਕਿਸ ਤਸਬੀ ਤਅੱਸਬ ਦੀ ਫੜੀ ਹੋਈ ਏ ।
ਰਾਮ ਅੱਲਾ ਦੇ ਇੱਕੋ ਹੀ 'ਅਲਫ' ਉਤੋਂ,
ਡਾਂਗਾਂ ਸੋਟਿਆਂ ਦੀ ਲੱਗੀ ਝੜੀ ਹੋਈ ਏ ।
ਹੈਸੀ ਸੁਲ੍ਹਾ ਦਾ ਜਿੱਥੇ ਸੰਧੂਰ ਸੋਂਹਦਾ,
ਹੁਣ ਉਹ ਰੱਤ ਅੰਦਰ ਡੁੱਬੀ ਪੜੀ ਹੋਈ ਏ ।
ਨੂਰੀ-ਮੁੱਖੜੇ ਰੱਬੀ-ਕਿਤਾਬ ਉੱਤੇ,
ਨਿੱਕੀ ਨਿੱਕੀ ਵਿਖਾ ਉਹ ਮੱਸ ਜਾਵੀਂ ।
ਪੰਡਤ ਮੁੱਲਾਂ ਦਾ ਭਰਮ ਮਿਟਾਉਨ ਬਦਲੇ,
ਇਹ *'ਤਫ਼ਸੀਰ' ਗਰੰਥ ਦੀ ਦੱਸ ਜਾਵੀਂ ।


ਤਫ਼ਸੀਰ = ਅਰਥ ।

੧੯.