ਪੰਨਾ:ਨੂਰੀ ਦਰਸ਼ਨ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਜ ਮੈਂ ਡਿੱਠੇ ਹਵਾਈ ਜਹਾਜ਼ ਉੱਡੇ,
ਯਾਦ ਆਈ ਏ ਗੱਲ ਇਹ ਤਾਂ ਤੇਰੀ ।
ਜੁੱਤੀ ਸਾਇੰਸ ਦੇ ਮੂੰਹ ਤੇ ਮਾਰਨੇ ਨੂੰ,
ਉੱਡੀ 'ਸਿੱਧਾਂ' ਦੇ ਨਾਲ 'ਖੜਾਂ' ਤੇਰੀ ।
ਮੁੜ ਕੇ ਆਤਮਾ ਸ਼ਕਤੀ ਦੀ ਪੱਥਰੀ ਤੇ,
ਵਾਂਙ ਸੋਨੇ ਦੇ ਆਣ ਕੇ ਘੱਸ ਜਾਵੀਂ ।
ਪਾ ਕੇ ਇਕ ਓਂਕਾਰ ਦੀ ਲੀਕ ਸਿੱਧੀ,
ਡੰਡੀ ਸ੍ਵਰਗ ਦੀ ਲੋਕਾਂ ਨੂੰ ਦੱਸ ਜਾਵੀਂ ।
ਕਾਲੂ ਚੰਦ ਦਿਆ ਸੂਰਜ ਬੰਸੀਆ ਵੇ !
ਜੇੜ੍ਹੀ ਸੌਂਪ ਕੇ ਗਿਆ ਸੈਂ ਗੱਠ ਮੈਨੂੰ ।
ਡਿਗ ਪਈ ਛਾਪ ਮਿਲਾਪ ਦੀ ਓਸ ਵਿਚੋਂ,
ਪਿਆ ਝੋਕਨਾ ਗੈਰਾਂ ਦਾ ਭੱਠ ਮੈਨੂੰ ।
ਵੇਖ ਵੇਖ ਜ਼ਮਾਨੇ ਦੇ ਤੌਰ ਭੈੜੇ,
ਸੱਭ ਵਿੱਸਰੇ ਨੇ ਉੱਦਮ-ਹੱਠ ਮੈਨੂੰ ।
ਦੇ ਕੇ ਦੀਦ ਹੁਣ ਤੱਤੀ ਨੂੰ ਤਾਰ ਛੇਤੀ,
ਤੇਰੀ ਡੋਬ ਰਹੀ ਏ ਢਿੱਲ ਮੱਠ ਮੈਨੂੰ ।
ਚਾਦਰ ਹੱਥ ਦੇ ਹਿੰਦੂਆਂ ਮੋਮਨਾਂ ਦੇ,
ਭਾਵੇਂ ਫੇਰ ਤੂੰ ਸ੍ਵਰਗਾਂ ਨੂੰ ਨੱਸ ਜਾਵੀਂ ।
ਐਪਰ ਹੋਰ ਇਕ ਵਾਰ ਪਰੇਮ-ਭਗਤੀ
"ਸ਼ਰਫ਼" ਜਿਹਾਂ ਨੂੰ ਆਣ ਕੇ ਦੱਸ ਜਾਵੀਂ ।
--੦--

੨੨.