ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪੀਰ ਨਾਨਕ
ਰੁਤਬੇ ਸ਼ਾਹਾਂ ਦੇ ਰੱਖਦੇ ਜੱਗ ਉੱਤੇ,
ਤੇਰੇ ਬੂਹੇ ਦੇ ਜੇੜ੍ਹੇ ਫ਼ਕੀਰ ਨਾਨਕ !
ਪੱਕੀ ਸਨਦ ਹੈ ਸਵਰਗ ਦੇ ਵਾਸਤੇ ਇਹ,
ਤੇਰੀ ਗੋਦੜੀ ਦੀ ਪਾਟੀ ਲੀਰ ਨਾਨਕ !
ਤੇਰੇ ਪੈਰਾਂ ਦੀ ਮਲੀ ਜਿਸ ਖ਼ਾਕ ਪਿੰਡੇ,
ਕੁੰਦਨ ਹੋ ਗਿਆ ਓਦ੍ਹਾ ਸਰੀਰ ਨਾਨਕ !
ਭਲਾ ਬੰਦੇ ਹਕੀਕਤ ਕੀ ਰੱਖਦੇ ਨੇ,
ਕੱਢੇ ਪੱਥਰਾਂ ਦੇ ਵਿੱਚੋਂ ਨੀਰ ਨਾਨਕ !
ਹੋਏ ਓਸ ਥਾਂ ਠੀਕਰੇ ਠਾਕਰਾਂ ਦੇ,
ਗਏ ਘੱਤ ਕੇ ਜਿਧਰ ਵਹੀਰ ਨਾਨਕ !
ਪਾਇਆ ਇਕ ਓਂਕਾਰ ਦੇ ਰਾਹ ਸਿੱਧੇ,
ਪਾ ਕੇ 'ਇਕ' ਦੀ ਇਕ ਲਕੀਰ ਨਾਨਕ !
ਜੇੜ੍ਹੇ ਜੇੜ੍ਹੇ ਸਨ ਜ਼ੁਲਮ ਕਮਾਨ ਵਾਲੇ,
ਤੁਸਾਂ ਕਰ ਦਿੱਤੇ ਸਿੱਧੇ ਤੀਰ ਨਾਨਕ !
ਜਲਵੇ ਨੂਰ ਦੇ ਵੇਖਦਾ ਰਹਾਂ ਹਰਦਮ,
ਵੱਸੇ ਅੱਖੀਆਂ ਵਿੱਚ ਤਸਵੀਰ ਨਾਨਕ !
ਦੁਨੀਆਂ ਥੱਕ ਗਈ ਏ ਗਿਣ ਗਿਣ ਗੁਣ ਤੇਰੇ,
ਪਾਇਆ ਅੰਤ ਨਾ ਗੁਣੀ ਗਹੀਰ ਨਾਨਕ !
ਕਰਾਂ ਦੱਸ ਕੀ ਸ਼ਾਨ ਬਿਆਨ ਤੇਰੀ ?
ਗੁਰੂ ਸਿੱਖਾਂ ਦੇ 'ਸ਼ਰਫ਼' ਦੇ ਪੀਰ ਨਾਨਕ !
23.