ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਂਦਾ ਤੋੜ ਤੰਬੂਰੇ ਨੂੰ ਘਰੇ ਈ ਮੈਂ,
ਕਾਹਨੂੰ ਪੰਧ ਪਰਦੇਸ ਦੇ ਮਾਰਨੇ ਸਨ ?'

ਬਾਬੇ ਆਖਿਆ ਹੱਸ ਕੇ "ਭਲੇ ਲੋਕਾ !
ਪਿੰਡ ਕੱਢ ਲਈਂ ਸਾਰੇ ਅਰਮਾਨ ਚਲ ਕੇ ।
ਭਾਵੇਂ ਕਰੀਂ ਸੁਦਾਗਰੀ ਬੁੱਤੀਆਂ ਦੀ,
ਚਾਹੇ ਪਾ ਬਹੀਂ ਕਿਤੇ ਦੁਕਾਨ ਚਲ ਕੇ ।
ਮਾਇਆ ਸਾਰੇ ਜਹਾਨ ਦੀ ਕਰੀਂ ਕੱਠੀ,
ਇਹੋ ਜਿਹਾ ਕੋਈ ਕਰੀਂ ਸਮਿਆਨ ਚਲ ਕੇ ।
ਪਰ, ਲੈ ਸੂਈ ਅਮਾਨਤ ਇਹ ਰੱਖ ਸਾਡੀ,
ਤੈਥੋਂ ਲਵਾਂਗੇ ਅਗਲੇ ਜਹਾਨ ਚਲ ਕੇ ।"

ਅੱਗੋਂ ਕਿਹਾ ਮਰਦਾਨੇ ਨੇ 'ਵਾਹ ਬਾਬਾ !
ਅੱਜ ਇਹ ਸਿੱਖਿਆ ਨਵਾਂ ਗਯਾਨ ਕਿੱਥੋਂ ?
ਸੂਈ ਏਥੋਂ ਹੀ ਕਿਸੇ ਨਹੀਂ ਜਾਨ ਦੇਣੀ,
ਤੈਨੂੰ ਦਿਆਂਗਾ ਅਗਲੇ ਜਹਾਨ ਕਿੱਥੋਂ ?'

ਬਾਬੇ ਆਖਿਆ 'ਦਸ , ਖਾਂ ਭਲੇ ਲੋਕਾ !
ਜੋ ਤੂੰ ਸੂਈ ਨਹੀਂ ਨਾਲ ਲਿਜਾਣ ਜੋਗਾ ।
ਢੇਰ ਮਾਇਆ ਦਾ ਕਾਸ ਨੂੰ ਕਰੇਂ ਕੱਠਾ,
ਜਾਂਦੀ ਵਾਰ ਨੂੰ ਫੇਰ ਪਛਤਾਣ ਜੋਗਾ ।
ਸਭ ਕੁਝ ਰਹੇਗਾ ਭੋਲਿਆ ! ਪਿਆ ਏਥੇ,
ਤੂੰਹੇਂ ਜਾਇੰਗਾ ਅਗ੍ਹਾਂ ਕਮਾਣ ਜੋਗਾ ।
ਜੇ ਤੂੰ ਜੋੜ ਭੀ ਲਿਆ ਤਾਂ ਹੋ ਗਿਆ ਕੀ,
ਛੱਡ ਜਾਇੰਗਾ ਵੰਡੀਆਂ ਪਾਣ ਜੋਗਾ ।

ਦੌਲਤ ਰੱਬ ਦੇ ਨਾਮ ਦੀ ਕਰੀਂ ਕੱਠੀ,
ਜੇੜ੍ਹੀ ਅਗਾਂ ਤੇਰੇ ਕੰਮ ਆਵਨੀ ਏਂ ।

੨੫.