ਪੰਨਾ:ਨੂਰੀ ਦਰਸ਼ਨ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ ਕੰਨੀ ਛੁਡਾਈ ਫੜਾਈ ਚਾਦਰ,
ਏਧਰ ਪੌਂਦੇ ਇਹ ਡੰਡ ਪੁਕਾਰ ਹਾਰੇ ।
'ਸ਼ਰਫ਼' ਆਂਹਦਾ ਏ ਬਾਬਾ ਤੂੰ ਜਿੱਤ ਗਿਓਂ,
ਲੜਦੇ ਹੋਰ ਸਾਰੇ ਆਖ਼ਰਕਾਰ ਹਾਰੇ ।

ਢੋਆ

ਵਾਹ ਵਾਹ ਕਰ ਕੇ ਖਿੜੀਆਂ ਕਲੀਆਂ ।
ਵਾਙ ਮਸ਼ਾਲਾਂ ਲਟ ਲਟ ਬਲੀਆਂ ।
ਮਹਿਕ ਉਠੇ ਸਭ ਨੱਗਰ, ਗਲੀਆਂ ।
ਭਰ ਗਏ ਬੂਟੇ, ਟਿੰਗਾਂ, ਫਲੀਆਂ ।

ਪੱਤਰ ਪੱਤਰ ਹੋਇਆ ਹਰਿਆ ।
ਅਜ ਦਿਨ ਚੜ੍ਹਿਆ ਭਾਗੀਂ ਭਰਿਆ ।

ਫੁੱਲ ਰੰਗੀਲੇ ਫੁਲ ਫੁਲ ਬਹਿੰਦੇ !
ਆਪੋ ਅੰਦਰ ਹਿਲ ਹਿਲ ਖਹਿੰਦੇ ।
ਜਾਮੇ ਵਿੱਚ ਨਾ ਮੇਵੇਂ ਰਹਿੰਦੇ ।
ਕਲੀਆਂ ਨੂੰ ਕੁਝ ਨਿਉਂ ਜਿਉਂ ਕਹਿੰਦੇ ।

ਕਲੀਆਂ ਰਲ ਮਿਲ ਮੰਗਲ ਗਾਵਨ ।
ਖੜਕਨ ਪੱਤਰ ਗਿੱਧੇ ਪਾਵਨ ।

ਰੰਗ ਬਰੰਗੀ ਪਾ ਪਾ ਚੋਲੇ ।
ਫੁੱਲਾਂ ਭੇਤ ਅਨੋਖੇ ਖੋਲ੍ਹੇ ।
ਖੀਵੇ ਹੋ ਹੋ ਬੁਲਬੁਲ ਬੋਲੇ।
ਲਾਕੀ ਵਾਙਰ ਤੁਰਦੀ ਡੋਲੇ ।

੨੮.