ਪੰਨਾ:ਨੂਰੀ ਦਰਸ਼ਨ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤ ਨਵਾਂ ਹੁਣ ਗਾਉਂਦੀ ਫਿਰਦੀ ।
ਆਸ ਪੁੰਨੀ ਹੁਣ ਚੋਖੇ ਚਿਰ ਦੀ।

ਗੁਰੂ-ਪਰੀ ਦੀ ਅਰਸ਼ੀ ਡੰਡੀ ।
ਸੱਚੇ-ਸੌਦੇ ਵਾਲੀ ਮੰਡੀ ।
ਸ੍ਵਰਗੀ ਮੂਰਤ ਓਹ ਤਲਵੰਡੀ ।
ਹੂਰਾਂ ਵਾਙੂ ਜੀਦ੍ਹੀ ਜੰਡੀ ।

ਕਾਲੁ ਜੀ ਦਾ ਚਾਨਣ-ਤਾਰਾ ।
ਆਉਣਾ ਓਥੇ ਨਾਨਕ ਪ੍ਯਾਰਾ ।

ਇੱਕ ਓਂਕਾਰ ਪੁਕਾਰਨ ਵਾਲਾ।
ਜੜ੍ਹ ਦੂਈ ਦੀ ਮਾਰਨ ਵਾਲਾ ।
ਢੱਠੇ ਧਰਮ ਉਸਾਰਨ ਵਾਲਾ ।
ਰੁੜ੍ਹਦੇ ਬੇੜੇ ਤਾਰਨ ਵਾਲਾ ।

  • {ਜੱਗ ਦਾ ਜਿਸ ਅੰਧੇਰ ਮਿਟਾਯਾ ।

ਅਰਸ਼ਾਂ ਤੀਕਰ ਨੂਰ ਖਿੰਡਾਯਾ ।}

ਜੀਹਦੀ ਨਜ਼ਰ ਪਵਿੱਤਰ ਪ੍ਯਾਰੀ ।
ਸਾਵੀ ਕਰ ਦੇਇ ਪੈਲੀ ਸਾਰੀ ।
ਬੋਲ ਜਿਦ੍ਹੇ ਨੂੰ ਸੁਣ ਇਕ ਵਾਰੀ ।
ਪਾਣੀ ਭਰਦਾ ਵਲੀ-ਕੰਧਾਰੀ ।

ਜੀਹਦੀ ਚਰਨੀਂ ਰੁਲਦੀ ਸ਼ਾਹੀ ।
ਓਹ ਕਮਲੀ ਦਾ ਅਰਸ਼ੀ-ਮਾਹੀ ।

ਨੀ ਓਹ ਜਿੰਨ੍ਹੇ ਨੂਰ ਖਿੰਡਾਯਾ ।
ਜੀਹਦਾ ਅੰਤ-ਹਿਸਾਬ ਨ ਆਯਾ ।


*ਏਹ ਸਤਰਾਂ ਅਸਾਂ ਆਪ ਬਦਲੀਆਂ ਹਨ । ਸ਼ਰਫ਼ ਜੀ ਦੀਆਂ ਸਤਰਾਂ ਹੋਰ ਹਨ। [ ਪ੍ਰਕਾਸ਼ਕ

੨੯.