ਪੰਨਾ:ਨੂਰੀ ਦਰਸ਼ਨ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀ, ਉਹ ਜੀਹਨੇ ਬੋਲ ਸੁਣਾਯਾ।
ਮੋਇਆਂ ਨੂੰ ਜਿਸ ਫੇਰ ਜਿਵਾਯਾ ।

ਨੀ, ਜੀਹਦਾ ਦਰਬਾਰ ਸ਼ਾਹਾਨਾ ।
ਨੀ, ਜੀਹਦਾ ਬਾਲਾ, ਮਰਦਾਨਾ ।

ਨੀ, ਥੁੜੀਆਂ ਦੇ ਭਰੇ ਭੰਡਾਰੇ ।
ਨੀ, ਥਿੜਿਆਂ ਦੇ ਕਾਜ ਸਵਾਰੇ ।
ਨੀ, ਜਿਸ ਸਿਦਕ ਸਿਖਾਏ ਭਾਰੇ ।
ਨੀ, ਜਿਸ ਸੱਜਨ ਵਰਗੇ ਤਾਰੇ ।

ਹਿੰਦੂ ਮੁਸਲਮ ਕੋਲ ਬਹਾਯਾ ।
ਨੀ, ਜਿਸ ਏਕਾ ਕਰਨ ਸਿਖਾਯਾ ।

ਨੀ, ਜਿਸ ਸੁੱਤੇ ਝੂਣ ਜਗਾਏ ।
ਨੀ, ਜਿਸ ਧਰਮ ਈਮਾਨ ਸਿਖਾਏ ।
ਨੀ, ਜਿਸ ਸੱਚੇ ਚੰਨ ਚੜ੍ਹਾਏ ।
ਝੂਠ ਬਖੀਲੀ ਮਾਰ ਮੁਕਾਏ ।

ਹਿੰਦੂ ਮੁਸਲਿਮ ਦਾ ਉਹ ਸਾਂਝਾ ।
ਨੀ, ਉਹ ਮੇਰਾ ਨੂਰੀ-ਰਾਂਝਾ ।

ਉਹ ਅਰਸ਼ਾਂ ਦਾ ਪਾਕ-ਨਜ਼ਾਰਾ ।
ਨੂਰੀ-ਪੁਤਲਾ ਨਾਨਕ ਪ੍ਯਾਰਾ ।
ਢੱਠੇ ਦਿਲ ਦੀ ਆਸ, ਸਹਾਰਾ ।
ਹੈ ਉਹ ਬੰਦਾ, ਪਰ ਹੈ ਨਿਆਰਾ।

ਸਬਕ ਦਇਆ ਦੇ ਦਸਣ ਵਾਲਾ ।
ਅੰਮ੍ਰਿਤ ਬਣ ਕੇ ਵੱਸਣ ਵਾਲਾ।

ਨੀ ਮੈਂ ਓਹਦੀ ਗੋੱਲੀ ਬਾਂਦੀ ।
ਰੁੜ੍ਹਦੀ ਜਾਂਦੀ ਗੋਤੇ ਖਾਂਦੀ ।
ਕਰਮਾਂ ਕੋਲੋਂ ਹਾਂ ਸ਼ਰਮਾਂਦੀ ।
ਬੂਹੇ ਓਹਦੇ ਮੁੜ ਮੁੜ ਜਾਂਦੀ ।

੩੦.