ਪੰਨਾ:ਨੂਰੀ ਦਰਸ਼ਨ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਦਰਸ਼ਨ

ਸਿਫ਼ਤਾਂ

ਸਿਰਮੌਰ ਸਿਰਤਾਜ ਸ਼ਰਧਾਲੂਆਂ ਦੇ,
ਨਾਨਕ ਨਾਨਕ ਦਾ ਨਾਮ ਧਿਆਉਨ ਵਾਲੇ ।
ਪੂਜਾ ਛੱਡ ਕੇ ਦੇਵੀਆਂ ਦਿਓਤਿਆਂ ਦੀ,
ਇੱਕ ਓਅੰਕਾਰ ਦਾ ਜਾਪ ਕਰਾਉਣ ਵਾਲੇ ।
ਕਲਮ ਕਾਦਰੀ ਜਿਨ੍ਹਾਂ ਨੂੰ ਪਈ ਚੁੰਮੇ,
ਐਸੇ ਸੱਚ ਦੇ ਸੁਖ਼ਨ ਫ਼ਰਮਾਉਣ ਵਾਲੇ ।
ਮਾਲੀ ਵਾਲੀ ਗੁਰ-ਟਹਿਲ ਦੇ 'ਜਹੇ ਪੂਰੇ,
ਸੇਵਾ-ਸਿਦਕ ਦਾ ਬੂਟੜਾ ਲਾਉਣ ਵਾਲੇ ।
ਛਾਲ ਮਾਰ ਚੁਬੱਚਿਆਂ ਮੋਰੀਆਂ 'ਚ,
ਹੁਕਮ ਗੁਰੂ ਦਾ ਪਾਲ ਵਿਖਾਉਨ ਵਾਲੇ ।
ਪਾ ਪਾ ਕੁਠਾਲੀ ਤਪੱਸਿਆ ਦੀ,
ਦੇਹੀ ਕੁੰਦਣ ਦੇ ਵਾਂਙ ਬਣਾਉਨ ਵਾਲੇ ।
ਤੋੜ ਮਾਨ-ਗ਼ਰੂਰ ਹੰਕਾਰੀਆਂ ਦਾ,
ਬਰਖਾ ਰਹਿਮਤੀ ਆਪ ਬਰਸਾਉਨ ਵਾਲੇ ।
ਸੁੱਕੀ ਰੋਟੀ ਸਭਰਾਈ ਦੀ ਖਾ ਖਾ ਕੇ,
ਲੰਗਰ ਦੂਜਿਆਂ ਲਈ ਵਰਤਾਉਨ ਵਾਲੇ ।
ਤਾਜ ਤਖ਼ਤ ਦਿਵਾ ਕੇ ਰੱਬ ਕੋਲੋਂ,
ਤੇ ਹਮਾਯੂੰ ਦੀ ਵੇਲ ਵਧਾਉਨ ਵਾਲੇ ।


੩੩.