ਪੰਨਾ:ਨੂਰੀ ਦਰਸ਼ਨ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਸਰਾ ਦਰਸ਼ਨ

ਨਿਥਾਵਿਆਂ ਦਾ ਥਾਂ

ਆਦਰ ਚਾਦਰ ਸੇਵਾ ਬਾਣਾ,
ਤਾਣ ਜਗਤ ਦਾ ਗੁਰੂ ਨਿਤਾਣਾ ।
ਮਾਨ ਲੁਕਾਈ ਆਪ ਨਿਮਾਣਾ,
ਥਿੜਿਆਂ ਦਾ ਉਹ ਥਹੁ ਟਿਕਾਣਾ ।

ਗਾਗਰ ਮੋਢੇ ਚਾਵਣ ਵਾਲਾ,
ਗੁਰ ਲਈ ਪਾਣੀ ਲਿਆਵਣ ਵਾਲਾ ।
ਠੇਡੇ ਠੋਕਰ ਖਾਵਣ ਵਾਲਾ,
ਸੌ ਸੌ ਸ਼ੁਕਰ ਬਜਾਵਣ ਵਾਲਾ ।

ਦਾਸ ਗੁਰੂ ਦਾ ਅਮਰ ਇਲਾਹੀ,
ਸਿੱਖ ਪੰਥ ਦੀ ਤੀਜੀ ਸ਼ਾਹੀ ।
ਚੰਦ ਜ਼ਿਮੀਂ ਦਾ ਅਰਸ਼ੀ ਮਾਹੀ,
ਧੋਵਣ ਵਾਲਾ ਕੁਫ਼ਰ ਸਿਆਹੀ ।

ਗੁਰ-ਸੇਵਾ ਦਾ ਪੁਤਲਾ ਨਿਆਰਾ,
ਆਦਰ ਦਾ ਓਹ ਪਾਕ ਨਜ਼ਾਰਾ ।
ਬੇ-ਓਟਾਂ ਦੀ ਓਟ ਪਿਆਰਾ,
ਝਿਲਮਿਲ ਕਰਦਾ ਅਰਸ਼ੀ ਤਾਰਾ ।

ਪੱਥਰ ਚਿੱਤ ਪਹਾੜਾਂ ਵਾਲੇ,
ਮੂੰਹ ਦੇ ਗੋਰੇ ਮਨ ਦੇ ਕਾਲੇ ।
ਵਾਂਗ ਮੋਮ ਦੇ ਫੜ ਫੜ ਢਾਲੇ,
ਅਮਰ ਦਾਸ ਜੀ ਗੁਰੁ ਅਣਿਆਲੇ ।

੩੭.