ਪੰਨਾ:ਨੂਰੀ ਦਰਸ਼ਨ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਉਪਕਾਰੀ ਨਿਗ੍ਹਾ ਪਯਾਰੀ ਜੇਹੜੇ ਪਾਸੇ ਕੀਤੀ ।
ਸ਼ਾਂਤ ਨੂਰਾਨੀ ਰੋਸ਼ਨ ਕੀਤੀ ਕੱਢੀ ਕੁਫ਼ਰ-ਪਲੀਤੀ ।

ਦਾਨ, ਪਰੇਮ, ਤਪੱਸਿਆ ਵਾਲਾ ਐਸਾ ਫੱਟਾ ਲਾਯਾ ।
ਗੁਰੂ ਨਾਨਕ ਦਾ ਬਾਗ਼ ਸਦੀਵੀ ਖਿੜਵਾਯਾ ਮਹਕਾਯਾ ।

ਵੈਰ, ਵਿਰੋਧ ਤੇ ਦੂਈ ਘਿਰਣਾ ਜਿੱਥੇ ਨਜ਼ਰੀ ਆਏ ।
ਗੁਰਬਾਣੀ ਦੇ ਛੱਟੇ ਲਾ ਕੇ ਅਗਨੀ ਵਾਂਗ ਬੁਝਾਏ ।

ਨਜ਼ਰਾਨੇ ਵਿੱਚ ਅਕਬਰ ਵੱਲੋਂ ਮਿਲਖ ਜਗੀਰਾਂ ਆਈਆਂ ।
ਪਰ ਸਾਈਂ ਦੀਆਂ ਬੇਪ੍ਰਵਾਹੀਆਂ ਚਰਨੀਂ ਮੂਲ ਨ ਲਾਈਆਂ ।

ਮੁਖ ਨੂਰਾਨੀ ਦਿਲ ਦੇ ਦਾਨੀ ਪਾਕ ਪਵਿੱਤਰ ਮੋਤੀ ।
ਅਮ੍ਰਿਤ ਜਲ ਵਿਚ ਨੂਰੀ ਪੁਤਲੀ ਜਯੋਂ ਕਰ ਹੋਵੇ ਧੋਤੀ ।

ਮੇਲ-ਮਿਲਾਪੋਂ ਵੇਲ-ਸਿਖੀ ਦੀ ਮਹਿਲ ਚੜ੍ਹਾਵਨ ਵਾਲੇ ।
ਇੱਕ ਓਂਕਾਰੀ ਸੁੰਦਰ ਝੰਡਾ ਜਗਤ ਝੁਲਾਵਨ ਵਾਲੇ ।

ਰਾਮਦਾਸ ਜੀ ਗੁਰੂ ਪਯਾਰੇ ਚਹੁੰ ਕੁੰਟਾਂ ਦੇ ਵਾਲੀ ।
"ਸ਼ਰਫ਼" ਜਿਨ੍ਹਾਂ ਨੇ ਚੌਥੀ ਮੰਜ਼ਲ ਰੱਖੀ ਸਿੱਖੀ ਵਾਲੀ ।

--o--


੪੦.