ਪੰਨਾ:ਨੂਰੀ ਦਰਸ਼ਨ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਵਾਂ ਦਰਸ਼ਨ

ਗੁੱਝੀ ਰਮਜ਼

ਇਕ ਦਿਨ ਮੂੰਹ ਹਨੇਰੇ ਸਾਂ ਉੱਠ ਤੁਰਿਆ,
ਘਰੋਂ ਆਸਰਾ ਰੱਖ ਖ਼ੁਦਾ ਤੇ ਮੈਂ ।
ਡੱਕੋ ਡੋਲਿਆਂ ਦੀ ਲਹਿਰ ਬਹਿਰ ਅੰਦਰ,
ਜਾ ਪਹੁੰਚਿਆ ਰਾਵੀ ਦਰਿਆ ਤੇ ਮੈਂ ।
ਕਦੀ ਟੁੱਭੀਆਂ ਮਾਰੀਆਂ ਸੋਚ ਅੰਦਰ,
ਕਦੀ ਉੱਡਦਾ ਰਿਹਾ ਹਵਾ ਤੇ ਮੈਂ ।
ਖਿੰਡੇ ਪੁੰਡੇ ਖ਼੍ਯਾਲਾਂ ਨੂੰ ਕਰ ਕੱਠਾ,
ਤੁਰ ਫਿਰ ਜਾ ਬੈਠਾ ਇਕ ਜਾ ਤੇ ਮੈਂ ।

ਤਦ ਇਹ ਫੁਰੀ ਵਿਚਾਰ, ਉਤਾਰ ਸਾਰੇ,
ਹੁੰਦੇ ਬੜੇ ਮਹਬੂਬ ਕਰਤਾਰ ਦੇ ਨੇ ।
ਸ਼ਕਤੀ ਆਤਮਾ ਦੇਵੇ ਪਰਮਾਤਮਾ ਦੀ,
ਫ਼ਿਰ ਕਯੋਂ ਦੁੱਖ ਤੇ ਜ਼ੁਲਮ ਸਹਾਰਦੇ ਨੇ ?

ਏਨੇ ਵਿਚ ਇੱਕ 'ਰੇਤ' ਦੀ ਉੱਡ ਢੇਰੀ,
ਮੇਰੇ ਕੋਲ ਆ ਕੇ ਡੇਰਾ ਲਾ ਬੈਠੀ ।
ਸੂਰਜ ਨਿਕਲਿਆ ਉੱਤਰੀ 'ਕਿਰਨ' ਪਹਿਲੀ,
ਓਧਰ ਰੇਤ ਦੇ ਜ਼ੱਰੇ ਤੇ ਆ ਬੈਠੀ ।
ਰਿਸ਼ਮ 'ਪਾਣੀ' ਦੀ ਭੁੜਕ ਕੇ ਲਹਿਰ ਵਿੱਚੋਂ,
ਓਧਰ ਕਿਰਨ ਦੇ ਸਾਹਮਣੇ ਜਾ ਬੈਠੀ ।
ਓਧਰ 'ਵਾ' ਰਾਣੀ ਗੱਲਾਂ ਕਰਨ ਬਦਲੇ,
ਬੁਰਕਾ ਬੁਲਬੁਲੇ ਦਾ ਮੂੰਹ ਤੇ ਪਾ ਬੈਠੀ ।


੪੧.