ਪੰਨਾ:ਨੂਰੀ ਦਰਸ਼ਨ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਸ਼ਕ ਆਹ ਭੀ ਮੂੰਹੋਂ ਉਭਾਸਰੇ ਨਾ,
ਹੋ ਕੇ ਰਾਜ਼ੀ ਰਜ਼ਾ ਤੇ ਬਹਿ ਜਾਵੇ ।
ਮੰਜ਼ਲ ਪ੍ਰੇਮ ਦੀ ਹੁੰਦੀ ਏ ਕਠਨ ਡਾਢੀ,
ਕਰਕੇ "ਸੀ" ਅਧਵਾਟੇ ਨਾ ਰਹਿ ਜਾਵੇ ।

ਸੱਸੀ ਪੁੱਛਿਆ ਰੇਤ ਦੇ ਜ਼ੱਰ੍ਰਿਆਂ ਨੂੰ :-
'ਦੱਸੋ ਫੁੱਲ ਏਹ ਕੇਹੜੇ ਪਰਵਾਰ ਦਾ ਏ ?
ਇਬਰਾਹੀਮ ਵਾਂਙੂ ਚੜ੍ਹ ਕੇ ਚਿਖ਼ਾ ਉੱਤੇ,
ਮਜ਼ਾ ਲੁਟਦਾ ਪਿਆ ਗੁਲਜ਼ਾਰ ਦਾ ਏ ?
ਰਿੱਧੀ ਸਿੱਧੀ ਗੁਰਿਆਈ ਦਾ ਬਲ ਹੁੰਦੇ,
ਪਿਆ ਦੁੱਖ ਤੇ ਦੁੱਖ ਸਹਾਰਦਾ ਏ ?
ਲੱਖਾਂ ਪੁੰਨੂੰ ਜੇ ਏਸ ਤੋਂ ਕਰਾਂ ਸਦਕੇ,
ਤਾਂ ਵੀ ਮੁੱਲ ਨਾ ਏਹਦੇ ਦੀਦਾਰ ਦਾ ਏ ?'

ਜ਼ੱਰੇ ਨਿਕਲਕੇ ਅੱਖੀਓਂ, ਹਾਲ ਸਾਰਾ,
ਸ਼ਾਂਤਮਈ 'ਉਤਾਰ ਦਾ ਕਹਿਣ ਲੱਗੇ ।
ਏਧਰ ਸੱਸੀ ਵਿਚਾਰੀ ਦੇ ਨੇਤਰਾਂ 'ਚੋਂ,
ਵਾਂਗ ਰਾਵੀ ਦੇ ਅੱਥਰੂ ਵਹਿਣ ਲੱਗੇ ।

"ਸੇਵਾਦਾਰ ਭੀ ਜਿਨ੍ਹਾਂ ਦੇ ਜੱਗ ਅੰਦਰ,
ਰੁਤਬੇ ਖ਼ਾਸ ਲੁਕਮਾਨ ਦੇ ਪਾਂਵਦੇ ਨੇ ।
ਮਾਰ ਟੋਕਰੀ ਗਾਰ ਦੀ ਰੋਗੀਆਂ ਤੇ,
ਕੁੰਦਨ ਵਰਗੀਆਂ ਦੇਹੀਆਂ ਬਣਾਂਵਦੇ ਨੇ ।
ਤਰਨ ਤਾਰਨ ਹੈ ਸਾਫ਼ ਗਵਾਹ ਨਾਲੇ,
ਕੋੜ੍ਹੀ ਪਿੰਗਲੇ ਵੀ ਗੀਤ ਗਾਂਵਦੇ ਨੇ ।
ਰੋਂਦੇ ਆਉਂਦੇ ਡੋਲੀਆਂ ਵਿੱਚ ਪੈ ਕੇ,
ਘਰੀਂ ਹੱਸਦੇ ਹੱਸਦੇ ਜਾਂਵਦੇ ਨੇ ।
ਸ਼ਬਦਾਂ ਬਾਣੀਆਂ ਦੀ ਬੱਧੀ ਬੀੜ ਪਯਾਰੀ,
ਇਨ੍ਹਾਂ "ਗੁਰੂ ਗਰੰਥ" ਕਿਤਾਬ ਅੰਦਰ ।

੪੭.