ਪੰਨਾ:ਨੂਰੀ ਦਰਸ਼ਨ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮ ਗੁਰੂ ਮਹਾਰਾਜ ਏ "ਸ਼ਰਫ਼" ਜਿਨ੍ਹਾਂ,
ਸੋਮੇ ਅੰਮ੍ਰਿਤ ਵਗਾਏ ਪੰਜਾਬ ਅੰਦਰ ।"
--o--

ਦਰਗਾਹੀ ਦਾਤ

ਹੁੰਦੇ ਜ਼ੁਲਮ ਗੁਰੂ ਤੇ ਸੁਣਕੇ ਹੱਦੋਂ ਬਾਹਰ ਭਾਰੇ ।
ਵਾਹੋ ਦਾਹੀ ਨੱਸੇ ਆਏ ਮੀਆਂ ਮੀਰ ਪਿਆਰੇ ।
ਲੱਗਾ ਆਸਣ ਤੱਤੀ ਲੋਹ ਤੇ ਵੇਖ ਪਯਾਰੇ ਵਾਲਾ ।
ਹੰਝੂ ਗ਼ਮ ਦੇ ਕੇਰਨ ਲੱਗੇ, ਫੇਰਨ ਲੱਗੇ ਮਾਲਾ ।
ਗੁਰੂ ਜੀ ਅੱਗੇ ਪੀਰ ਪਯਾਰੇ ਮੁੱਖੋਂ ਬੋਲ ਸੁਣਾਇਆ :-
'ਅਰਜਨ ਪਯਾਰੇ! ਅੱਖੀਂ ਤਾਰੇ! ਇਹ ਕੀ ਖੇਲ ਰਚਾਇਆ ?
ਨਾਜ਼ੁਕ ਜੁੱਸੇ ਉੱਤੇ ਏਦਾਂ ਛਾਲੇ ਪੈ ਗਏ ਸਾਰੇ,
ਅੰਬਰ ਉੱਤੇ ਉਘੜ ਔਂਦੇ ਜਯੋਂ ਕਰ ਰਾਤੀਂ ਤਾਰੇ ?
ਗੁਰਿਆਈ ਦੀ ਸ਼ਕਤੀ ਹੁੰਦੇ ਐਡੇ ਦੁੱਖ ਉਠਾਵੋ ?
ਕਰਨੀ ਵਾਲੇ ਸੋਹਣੇ ਸਾਈਆਂ ! ਕ੍ਯੋਂ ਨਾ ਤੀਰ ਚਲਾਵੋ ?
ਇੱਕ ਵਾਰੀ ਜੇ ਆਖੋ ਮੈਨੂੰ ਮੈਂ ਇਹ ਕਾਰ ਵਿਖਾਵਾਂ ।
ਵਾਙ ਪਤੰਗਾਂ ਪਕੜ ਜ਼ਿਮੀਂ ਦੀਆਂ ਖਿੱਚਾਂ ਕੁੱਲ ਤਣਾਵਾਂ ।
ਅੱਗ ਸਰਾਪਾਂ ਵਾਲੀ ਐਸੀ ਜਿਗਰੋਂ ਕੱਢ ਵਗਾਵਾਂ ।
ਵਾਙ ਪਰਾਲੀ ਪਾਪੀ ਸਾਰੇ ਪਲ ਵਿਚ ਸਾੜ ਗਵਾਵਾਂ ।
ਸੜ ਬਲ ਕੇ ਜੇ ਰਾਖ ਭੀ ਹੋਵਣ ਤਦ ਭੀ ਚੈਨ ਨਾ ਪਾਵਨ ।
ਆਹ ਮੇਰੀ ਦੇ ਬੁੱਲੇ ਵਗ ਵਗ ਅੰਬਰ ਵਿਚ ਉਡਾਵਨ ।'
ਸੁਣ ਸੁਣ ਗੱਲਾਂ ਗੁਰੂ ਪਯਾਰੇ ਹੱਸਕੇ ਇਹ ਫ਼ਰਮਾਇਆ :-
'ਰੱਬ ਸਵਾਰੇ ! ਪੀਰ ਪਯਾਰੇ ! ਕੁਦਰਤ ਨੂੰ ਇਹ ਭਾਇਆ ।

੪੮.