ਪੰਨਾ:ਨੂਰੀ ਦਰਸ਼ਨ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਓਸੇ ਭਾ ਹੈ ਸਰ ਦਾ ਸੌਦਾ ਜਯੋਂ ਕਰ ਉਸ ਨੂੰ ਭਾਵੇ ।
ਸਭ ਕੁਝ ਜਰਨੀ 'ਸੀ' ਨਹੀਂ ਕਰਨੀ, ਉਸ ਵੱਲੋਂ ਰਹਿ ਆਵੇ ।
ਲੱਖ ਵਰ੍ਹੇ ਭੀ ਜੀਵੇ ਜੇਕਰ ਏਥੇ ਬੰਦਾ ਭੋਲਾ ।
ਏਸ ਜੂਨੀ ਦਾ ਲਾਹਣਾ ਪਏਗਾ, ਓੜਕ ਇਕ ਦਿਨ ਚੋਲਾ ।
ਏਸ ਗੱਲੇ ਜੇ ਰਾਜ਼ੀ ਹੋਵਨ ਮੇਰੇ ਪ੍ਰੀਤਮ ਪਯਾਰੇ ।
ਲੋਹ ਤੇ ਬੈਠਾ ਪਰਲੋ ਤੀਕਰ ਜਾਵਾਂ ਮੈਂ ਬਲਿਹਾਰੇ ।
ਯਾਦ ਉਦ੍ਹੀ ਵਿਚ ਰੇਤ ਤੱਤੀ ਦੇ ਛੱਟੇ ਵੱਸਨ ਨੂਰੀ ।
ਜਯੋਂ ਜਯੋਂ ਛੱਟੇ ਵੱਸਨ ਮੈਨੂੰ ਜਾਪੇ ਮਿਹਰ ਹਜ਼ੂਰੀ ।
ਜਯੋਂ ਜਯੋਂ ਪਏ ਤਸੀਹੇ ਦੇਂਦੇ ਤਯੋਂ ਤਯੋਂ ਰਾਜ਼ੀ ਥੀਵਾਂ ।
ਭਰ ਭਰ ਪਿਆਲੇ ਪ੍ਰੀਤਮ ਹੱਥੋਂ, ਦਰਸ਼ਨ ਵਾਲੇ ਪੀਵਾਂ ।
ਹਜ਼ਰਤ ਮੂਸਾ ਤੂਰ ਪਹਾੜੋਂ ਜਲਵਾ ਉਸ ਦਾ ਪਾਇਆ ।
ਭਾਂਬੜ ਵਿਚੋਂ ਪ੍ਰੀਤਮ ਪਿਆਰਾ ਸਾਨੂੰ ਨਜ਼ਰੀਂ ਆਇਆ ।
ਜਯੋਂ ਜਯੋਂ ਮਨਸੂਰ ਪਯਾਰੇ ਨੂੰ ਸੀ ਧਾਰ ਤਿੱਖੀ ਦੀ ਸੂਲੀ ।
ਪ੍ਰੇਮ ਉਹਦੇ ਵਿਚ ਫੁੱਲਾਂ ਵਾਙੂੰ ਲੱਗਦੀ ਕੂਲੀ ਕੂਲੀ ।
ਓਹਦੇ ਕੋਲੋਂ ਵਧ ਕੇ ਸਾਨੂੰ ਪ੍ਰੇਮ ਇੱਥੇ ਹੈ ਮਿਲਦਾ ।
ਸੇਕ ਤੱਤੇ ਦੇ ਬੁੱਲੇ ਸਵਰਗੀ ਗ਼ੁੰਚਾ ਖਿੜਦਾ ਦਿਲ ਦਾ ।
ਨੈਂ ਸ਼ਹੀਦੀ ਵਾਲੀ ਵਗਦੀ ਪਾਰ ਪਯਾਰਾ ਟਹਿਕੇ ।
ਸ਼ਾਂਤਮਈ ਦੇ ਬੇੜੇ ਅੰਦਰ ਲੰਘ ਜਾਣਾ ਹੈ ਬਹਿਕੇ ।
ਪੰਥ ਪਯਾਰੇ ਨੂੰ ਹੈ ਨਾਲੇ ਸਿੱਧਾ ਰਾਹ ਵਿਖਾਉਣਾ ।
ਮਰ ਮਰ ਕੇ ਹੈ ਦੁਨੀਆਂ ਅੰਦਰ ਜੀਵਨ ਨਵਾਂ ਸਿਖਾਉਣਾ ।
ਸਭ ਕੁਝ ਸਹਿਣਾ, ਕੁਝ ਨਹੀਂ ਕਹਿਣਾ, ਚਰਨੀਂ ਓਦ੍ਹੀ ਪੈਣਾ ।
ਜੋ ਕੁਝ ਦੇਵੇ ਦਾਨ ਪਿਆਰਾ 'ਸ਼ਰਫ਼' ਅਸਾਂ ਉਹ ਲੈਣਾ ।

੪੯.