ਪੰਨਾ:ਨੂਰੀ ਦਰਸ਼ਨ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਠੁੱਮਕ ਠੁੱਮਕ ਚਾਲਾਂ ਚੱਲੇ
ਖਾਂਦੀ ਮਟਕ ਹੁਲਾਰੇ ।
ਨੂਰੋ ਨੂਰ ਬਨਾਵਣ ਲੱਗੀ
ਕੰਧਾਂ ਕੋਠੇ ਸਾਰੇ ।

ਲੋ ਓਹਦੀ ਨੇ ਰਿਸ਼ਮਾਂ ਵਾਲੇ
ਜਿਸ ਦਮ ਕੇਸ ਖਿਲਾਰੇ ।
ਅੱਖ ਮਟੱਕੇ ਅੰਬਰ ਉੱਤੇ
ਲੱਗੇ ਕਰਨ ਸਤਾਰੇ ।

ਨਜ਼ਰ ਪਿਆ ਜਦ ਏਹੋ ਜੇਹਾ
ਮੈਨੂੰ ਸਮਾਂ ਸੁਹਾਣਾ ।
ਫੱਟੇ ਦਿਲ ਤੇ 'ਲੂਣ ਦਰਦ' ਦਾ
ਮਾਰ ਗਿਆ ਇਕ ਛਾਣਾ ।

ਬੇ-ਵਸ ਹੋ ਕੇ ਤੜਫਨ ਲੱਗਾ ।
ਸੀਨੇ ਸੜਕਨ ਲੱਗੀ ।
ਦੱਬੀ ਹੋਈ ਅੱਗ ਚਰਾਕੀ ।
ਜ਼ੋਰੀਂ ਭੜਕਣ ਲੱਗੀ ।

ਹੌਲੀ ਹੌਲੀ ਘਟ ਅੱਖੀਆਂ ਦੀ
ਬਰਸਣ ਰੁਮਕਣ ਲੱਗੀ,
ਯਾਦ ਕਿਸੇ ਦਾ ਹਾਸਾ ਆਇਆ
ਬਿਜਣੀ ਚਮਕਣ ਲੱਗੀ ।

ਰੋ ਰੋ ਕੇ ਜਾਂ ਸੱਧਰ ਲਾਹੀ
ਹੋਇਆ ਠੰਡਾ-ਕੋਸਾ ।
ਆਣ ਦਿਮਾਗੋਂ ਕਵਿਤਾ ਮੈਨੂੰ
ਦਿੱਤਾ ਡਾਢਾ ਝੋਸਾ ।

ਇੱਕਲਵਾਂਜੇ ਬਹਿਕੇ ਤਾਂ ਮੈਂ
ਸ਼ੇਅਰ ਬਣਾਵਣ ਲੱਗਾ ।


੫੨.