ਪੰਨਾ:ਨੂਰੀ ਦਰਸ਼ਨ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਦਕੀ ਅਤੇ ਪਰੇਮੀ ਬੰਦੇ
ਦੂਰੋਂ ਦੂਰੋਂ ਆਵਣ ।
ਸਾਬਣ ਲਾ ਲਾ ਸ਼ਰਧਾ ਵਾਲਾ
ਦਿਲ ਦੀ ਮੈਲ ਗਵਾਵਣ ।

ਪਰਕਰਮਾ ਕਰ ਠੰਡੇ ਕਰਦੇ
ਨੈਣ ਵਿਛੁਨੇ ਚਿਰ ਦੇ ।
ਓਸ ਨੂਰਾਨੀ ਦੀਪਕ ਗਿਰਦੇ
ਵਾਂਗ ਪਤੰਗਾਂ ਫਿਰਦੇ ।

ਸੀਤਲ 'ਸਰ' ਵਿਚ ਹੰਸਾਂ ਵਾਂਗੂੰ
ਤਰ ਤਰ ਟੁੱਭੀਆਂ ਲਾਵਣ ।
ਲੱਖਾਂ ਬੰਦੇ ਆਸਾਂ ਵਾਲੇ
ਮੋਤੀ ਸੁੱਚੇ ਪਾਵਣ ।

ਰੋਗ ਗਵਾਵਣ ਰੂਪ ਵਧਾਵਣ
ਸੁੰਦਰ ਦੇਹ ਬਨਾਵਣ ।
ਹਰੀ ਭਰੀ ਕਰ ਵੇਲ ਧਰਮ ਦੀ
ਦਿਲ ਦਾ ਕੰਵਲ ਖਿੜਾਵਣ ।

ਸਤਿਗੁਰ ਜੀ ਭੀ ਖੁੱਲ੍ਹੇ ਡੁੱਲ੍ਹੇ
ਉਸ ਦਿਨ ਦਰਸ਼ਨ ਦੇਂਦੇ ।
ਪਰ ਜੋ ਅੱਖਾ ਬਾਲੇ ਹੋਵਣ
ਓਹੋ ਦਰਸ ਕਰੇਂਦੇ ।

ਓਸ ਦਿਹਾੜੇ ਭਾਗਾਂ ਵਾਲੇ
ਮੈਂ ਭੀ ਓਥੇ ਜਾਵਾਂ
ਚਰਨ ਪਵਿੱਤ੍ਰ ਅੱਖੀਂ ਲਾ ਕੇ
ਨੂਰੀ ਜੋਤ ਵਧਾਵਾਂ ।

ਦਰਸ਼ਨ ਪਾ ਕੇ ਸਤਿਗੁਰ ਜੀ ਦੇ
ਸੌ ਸੌ ਸ਼ਗਨ ਮਨਾਵਾਂ ।

੫੭.