ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਵਾਂ ਉਮਾਹ ਚੜ੍ਹੇ ਓਹ ਮੈਨੂੰ
ਉਮਰਾ ਸਫਲ ਬਣਾਵਾਂ ।
ਖੁਸ਼ੀਆਂ ਕਰਦਾ ਜਾਮੇਂ ਅੰਦਰ
ਮੈਂ ਨਾ ਮੂਲ ਸਮਾਵਾਂ ।
ਚੋਲਾ ਚੀਰ ਅੰਬਰ ਦਾ ਨੀਲਾ
ਨੂਰੀ ਬਦਨ ਵਿਖਾਵਾਂ ।
ਲੱਖਾਂ ਬੰਦੇ ਅੱਖਾਂ ਚੁਕ ਚੁਕ
ਤਾਂ ਫਿਰ ਮੈਨੂੰ ਵੇਖਣ ।
ਕਰਨ ਸਲਾਮਾ ਹੱਥ ਜੁੜੇਂਦੇ
ਨਿਉਂ ਨਿਉਂ ਮੱਥੇ ਟੇਕਣ ।
ਏਸ ਖੁਸ਼ੀ ਵਿਚ ਫੁਲ ਫੁਲ ਕੇ ਮੈਂ
ਚੌਦੇਂ ਦਾ ਹੋ ਜਾਵਾਂ ।
ਰਿਸ਼ਮਾਂ ਸੁੱਟ ਜਿਮੀਂ ਤੇ ਨੂਰੀ
ਚਿੱਟੀ ਜ਼ਰੀ ਲੁਟਾਵਾਂ।
ਐਪਰ ਦਰਸ਼ਨ ਪਾਇਆਂ ਹੋਇਆਂ
ਜਿਉਂ ਜਿਉਂ ਸਮਾਂ ਵਿਹਾਵੇ ।
ਤਿਉਂ ਤਿਉਂ ਮੈਨੂੰ ਘਾਟੇ ਪੈਂਦੇ
ਚੈਨ ਅਰਾਮ ਨਾ ਆਵੇ ।
ਖ਼ੂਨ ਸਰੀਰੋਂ ਘਟਦਾ ਜਾਂਦਾ
ਦਿਨ ਦਿਨ ਘਟਦਾ ਜਾਵਾਂ ।
ਮਾਸਾ ਮਾਸ ਨੇ ਰਹਿੰਦਾ ਪਿੰਡੇ
ਬਣ ਜਾਵਾਂ ਪਰਛਾਵਾਂ ।
ਰੱਤੀ ਰਤ ਨ ਰਹਿੰਦੀ ਤਨ ਵਿਚ,
ਮੁਖੜਾ ਹੋਂਦਾ ਪੀਲਾ ।
ਸਤਿਗੁਰ ਜੀ ਦੇ ਬਿਰਹੋਂ ਅੰਦਰ,
ਸੁਕ ਸੁਕ ਹੋਵਾਂ ਤੀਲਾ।
੫੮.