ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਕ ਧਿਰ ਤੇਗ਼ ਅਮੀਰੀ ਰੱਖੇ ।
ਦੂਜੇ ਤੇਗ਼ ਫ਼ਕੀਰੀ ਰੱਖੇ ।
ਇਕ ਧਾਰੋਂ ਤੇ ਅੰਮ੍ਰਤ ਪਿਆਵੇ ।
ਦੂਜੀ ਧਾਰੋਂ ਪਾਰ ਬੁਲਾਵੇ ।
ਰਿਸ਼ੀਆਂ ਮੁਨੀਆਂ ਖ਼ੁਸ਼ੀ ਮਨਾਈ ।
ਰੱਬ ਚਿਰਾਕੀ ਆਸ ਪੁਜਾਈ ।
ਅਰਜਨ ਜੀ ਦੇ ਅੱਖੀ ਤਾਰੇ ।
ਆ ਗਏ ਹਰ ਗੋਬਿੰਦ ਪਿਆਰੇ ।
ਦੋ ਜਗ ਹੱਥਾਂ ਵਿਚ ਲੁਕਾਏ ।
ਦੋਵੇਂ ਵਿੱਦ੍ਯਾ ਲੈਕੇ ਆਏ ।
'ਸ਼ਰਫ਼' ਆਏ ਉਹ ਪੰਥ ਸਹਾਈ ।
ਪਹਿਲਾਂ ਜਿਨ੍ਹਾਂ ਤੇਗ਼ ਚਲਾਈ ।
--o--
ਪ੍ਰੇਮ ਦਾ ਮੁੱਲ
ਏਹਨੂੰ ਐਸੇ ਸ਼ੁਭ ਵੇਲੇ ਰੱਬ ਕਿਤੇ ਸਾਜਿਆ ਸੀ,
ਮਾਨ, ਸ਼ਾਨ ਸਾਰਿਆਂ ਨੇ ਏਸਦਾ ਵਧਾਇਆ ਏ ।
ਕਿਸੇ ਓਸ ਭੀਲਣੀ ਦੇ ਜੂਠੇ ਬੇਰਾਂ ਵਾਲਾ ਕਿੱਸਾ,
ਮਿੱਠੀ ਮਿੱਠੀ ਬੋਲੀ ਵਿਚ ਜੋੜ ਕੇ ਸੁਣਾਇਆ ਏ ।
ਕਿਸੇ ਨੇ ਸ੍ਵਾਦਲੇ ਕਰਾਰੇ ਪਯਾਰੇ ਸ਼ੇਅਰਾਂ ਵਿੱਚ,
ਭੋਜਨ ਧੰਨੇ ਜੱਟ ਵਾਲਾ ਵੱਟੇ ਨੂੰ ਖਵਾਇਆ ਏ ।
ਹਾਲ ਬਾਲ ਧ੍ਰੂਅ ਜੀ ਦਾ ਐਸਾ ਕਿਸੇ ਲਿਖ ਦਿੱਤਾ,
ਤਾਰੇ ਵਾਙੂੰ ਕਵਿਤਾ ਦਾ ਰੰਗ ਚਮਕਾਇਆ ਏ ।
੬੨.