ਪੰਨਾ:ਨੂਰੀ ਦਰਸ਼ਨ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਛੇਤੀ ਨਾਲ ਟਕਾ ਫੇਰ ਫੜ ਲੀਤਾ ਭੋਇੰ ਉੱਤੋਂ,
ਚੁੱਕ ਸਾਰਾ ਘਾਹ ਨਾਲੇ ਪੱਲੂ ਵਿੱਚ ਪਾਇਆ ਏ ।
ਗੁਰੂ ਜੀ ਦੀ ਦੀਦ ਦਾ ਤਿਹਾਯਾ ਸਿੱਖ ਸਿਦਕੀ ਓਹ,
ਨੱਸਾ ਨੱਸਾ ਤੰਬੂ ਵਲ ਵਾਹੋ ਦਾਹੀ ਆਇਆ ਏ ।
ਗੁਰਾਂ ਦੀ ਹਜ਼ੂਰੀ ਵਿੱਚ ਖੁੱਲ੍ਹੇ ਬੂਹੇ ਆ ਗਿਆ ਓਹ,
ਅੱਗੋਂ ਕਿਸੇ ਪਹਰੂ ਨੇ ਨਾ ਡੱਕਿਆ ਡਕਾਇਆ ਏ ।
ਮੀਰੀ ਪੀਰੀ ਵਾਲਿਆਂ ਦੇ ਨੂਰ ਦਾ ਸਰੂਰ ਵੇਖ,
ਅੱਖੀਆਂ ਨੂੰ ਲੋ, ਸੀਨਾ ਸੀਤਲ ਕਰਾਇਆ ਏ ।
ਮਾਰ ਮਾਰ ਚਾਂਗਰਾਂ ਤੇ ਚਰਨਾਂ ਉੱਤੇ ਡਿੱਗ ਪਿਆ,
ਪ੍ਰੇਮ ਤੇ ਵਿਛੋੜੇ ਵਿਚ ਆਪੇ ਨੂੰ ਵਞਾਇਆ ਏ ।
ਮੁਕਤੀ ਦੀ ਢੂੰਡ ਵਾਲਾ ਹਾਲ ਹੋ ਨਿਢਾਲ ਸਾਰਾ,
ਊੜੇ ਕੋਲੋਂ ਚੱਲਕੇ ਤੇ ੜਾੜੇ ਨੂੰ ਮਿਲਾਇਆ ਏ ।
ਵੇਖ ਵੇਖ ਹਾਲ ਓਦ੍ਹਾ ਗੁਰੂ ਜੀ ਦੇ ਚਿੱਤ ਵਿਚ,
ਡਾਢੇ ਉਪਕਾਰ ਦਾ ਜਵਾਰ ਭਾਟਾ ਆਇਆ ਏ ।
ਆਪਣੇ ਰੁਮਾਲ ਨਾਲ ਹੰਝੂ ਓਹਦੇ ਪੂੰਝ ਕੇ ਤੇ,
ਸੀਸ ਓਹਦਾ ਚੁੱਕ ਨਾਲ ਸੀਨੇ ਦੇ ਲਗਾਇਆ ਏ,
ਕਰ ਦਿੱਤੀ ਲੋ ਓਹਦੀ ਦਿਲ ਵਾਲੀ ਕੋਠੜੀ 'ਚ,
ਸੂਰਜ ਓਹ ਗਿਆਨ, ਉਪਦੇਸ਼ ਦਾ ਚੜ੍ਹਾਇਆ ਏ ।
ਮੋਏ ਨੂੰ ਜਿਵਾਉਨ ਵਾਲੇ ਮਿੱਠੇ ਮਿੱਠੇ ਬੋਲਾਂ ਵਿੱਚ,
ਮੋਢੇ ਨੂੰ ਹਲੂਣ ਨਾਲੇ ਇਹ ਫਰਮਾਇਆ ਏ:-
'ਜਾ ਬੱਚਾ ! ਜਾਹ, ਤੇਰੀ ਆਵਾ ਗੌਨੀ ਬੇੜੀ ਲੱਥੀ,
ਸ੍ਵਰਗਾਂ ਦਾ ਤਾਰਾ ਤੈਨੂੰ ਰੱਬ ਨੇ ਬਣਾਇਆ ਏ ।'
ਡਿਠੀ ਏ ਅਨੋਖੀ ਖੇਡ ਬਾਦਸ਼ਾਹ ਜਹਾਂਗੀਰ ਜਦੋਂ,
ਹੱਸ ਹੱਸ ਗੁਰੂ ਜੀ ਨੂੰ ਬੋਲ ਇਹ ਸੁਣਾਇਆ ਏ:-
'ਮੀਰੀ ਪੀਰੀ ਵਾਲੇ ਸਾਈਂ ! ਤੁਸਾਂ ਤੇ ਜਹਾਨ ਵਿੱਚ,
ਡਾਢਾ ਹੀ ਸਵੱਲਾ ਸੌਦਾ ਮੁਕਤੀ ਦਾ ਲਾਇਆ ਏ ?

੬੫.