ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਰੁੱਗ ਤਿੜ੍ਹਾਂ, ਇਕ ਟਕੇ ਉੱਤੋਂ ਸਵਰਗਾਂ ਦਾ,
ਜੰਦਰਾ ਤੇ ਕੁੰਜੀ ਤੁਸੀਂ ਏਸਨੂੰ ਫੜਾਇਆ ਏ ।'
ਗੁਰੂ ਜੀ ਨੇ ਕਿਹਾ ਅੱਗੋਂ 'ਸੁਣ ਭੋਲੇ ਬਾਦਸ਼ਾਹਾ !
ਤੈਨੂੰ ਤੇਰੀ ਸੂਝ ਨੇ ਹੀ ਟਪਲਾ ਇਹ ਲਾਇਆ ਏ ।
ਏਹਦੇ ਟਕੇ, ਘਾਹ ਉੱਤੇ, ਦਿਲ ਸਾਡਾ ਰੀਝਯਾ ਨਹੀਂ,
ਏਹ ਤਾਂ ਏਦ੍ਹੇ ਪ੍ਰੇਮ ਦਾ ਹੀ ਮੁੱਲ ਅਸਾਂ ਪਾਇਆ ਏ ।
'ਸ਼ਰਫ' ਏਸ ਨਿੱਕੇ ਜਹੇ ਦੋ ਨੁਕਤੀਏ ਪਰੇਮ ਵਿੱਚ,
ਨਰਕਾਂ ਦਾ ਦੁੱਖ, ਸੁਖ ਸ੍ਵਰਗਾਂ ਦਾ ਸਮਾਇਆ ਏ ।'



ਸਿਦਕ

ਇਕ ਦਿਨ ਚਾਨਣੀ ਚਾਨਣੀ ਰਾਤ ਪਿਆਰੀ,
ਪਾਈ ਹੋਈ ਸੀ ਠੰਢ ਸਰਬੱਤ ਉੱਤੇ ।
ਪੋਚਾ ਫੇਰਿਆ ਹੋਇਆ ਸੀ ਨੂਰ ਭਿੱਜਾ,
ਹਰ ਇਕ ਬੂਹੇ ਬਨੇਰੇ ਤੇ ਛੱਤ ਉੱਤੇ ।
ਇੰਦਰ ਵਾਂਗਰਾਂ ਬਣੇ ਸਨ ਫੁੱਲ ਰਾਜੇ,
ਰਿਸ਼ਮਾਂ ਨਚਦੀਆਂ ਸਨ ਪੱਤ ਪੱਤ ਉੱਤੇ ।
ਮੈਂ ਭੀ ਵੇਂਹਦਾ ਸਾਂ ਚੰਨ ਦੇ ਜ਼ਖ਼ਮ ਅੱਲੇ,
ਲੱਤ ਰੱਖ ਕੇ ਆਪਣੀ ਲੱਤ ਉੱਤੇ ।

ਫੱਟ ਓਸਦੇ ਏਕਣਾ ਜਾਪਦੇ ਸੀ,
ਲਾਈਆਂ ਹੋਈਆਂ ਮੈਂ ਜਿਨ੍ਹਾਂ ਵਲ ਤਾੜੀਆਂ ਸਨ ।
ਧਾਗੇ ਰੇਸ਼ਮੀ ਰਿਸ਼ਮਾਂ ਦੇ ਲਾ ਲਾ ਕੇ,
ਜਿਵੇਂ ਸੀਤੀਆਂ ਹੋਈਆਂ ਦੋ ਫਾੜੀਆਂ ਸਨ ।

੬੬.