ਪੰਨਾ:ਨੂਰੀ ਦਰਸ਼ਨ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੈਨਤ ਨਾਲ ਮੈਂ ਆਖਿਆ 'ਯਾਰ ਚੰਨਾ !
ਐਸੀ ਸੁੰਦਰਤਾ ਦਿੱਤੀ ਏ ਰੱਬ ਤੈਨੂੰ ।
'ਟੁਰ ਕੇ ਨਹੁੰ ਤੋਂ ਟਿੱਕਰੀ ਮੂੰਹ ਤੀਕਰ,
ਨੂਰ ਨਾਲ ਬਣਾਯਾ ਏ, ਸੱਭ ਤੈਨੂੰ ।
'ਅੱਖਾਂ ਚੁਕ ਚੁਕ ਕੇ ਵੇਂਹਦੇ ਨੇ ਲੋਕ ਸਾਰੇ,
ਬਖ਼ਸ਼ੀ ਗਈ ਓਹ ਟੀਸੀ ਦੀ ਛੱਬ ਤੈਨੂੰ ।
'ਪਰ ਏਹ ਲੋੜ੍ਹਾ ਏ ਨੂਰ 'ਚ ਡੁੱਬ ਕੇ ਭੀ,
ਕਾਲੇ ਕਾਲੇ ਕਿਉਂ ਰਹਿ ਗਏ ਨੇ ਡੱਬ ਤੈਨੂੰ ?

'ਮੋਰ ਵਾਂਗ ਉਂਞ ਅੰਦਰੋਂ ਝੂਰਨਾ ਏਂ,
ਉੱਤੋਂ ਦਸਨਾ ਏਂ ਹੱਸ ਹੱਸ ਮੈਨੂੰ ।
'ਤਾਰੇ ਅੰਬਰੋਂ ਪਿਆ ਨਾ ਤੋੜ ਏਡੇ,
ਘੁੰਡੀ ਚਿੱਤ ਦੀ ਖੋਲ੍ਹਕੇ ਦੱਸ ਮੈਨੂੰ ।'

ਮੇਰੀ ਗੱਲ ਸੁਣ ਫੁੱਲਿਆ ਚੰਨ ਏਡਾ,
ਆਪਾ ਚੌਧਵੀਂ ਰਾਤ ਦਾ ਕਰ ਦਿੱਤਾ ।
ਟੋਪੇ ਭਰ ਭਰ ਕੇ ਮਾਯਾ ਦੇ ਜਹੇ ਵੰਡੇ,
ਭਾਰਤ ਮਾਤਾ ਦੀ ਝੋਲੀ ਨੂੰ ਭਰ ਦਿੱਤਾ ।
ਚਾਂਦੀ ਚਾਨਣੀ ਦੀ ਦਿਤੀ ਹੋਰਨਾਂ ਨੂੰ,
ਐਪਰ ਓਸ ਨੇ ਮੈਨੂੰ ਏਹ ਵਰ ਦਿੱਤਾ ।
ਟੈਲੀਫ਼ੋਨ ਇਕ ਰਿਸ਼ਮ ਦਾ ਪਕੜ ਕੇ ਤੇ,
ਮੇਰੇ ਕੰਨਾਂ ਦੇ ਸਾਮ੍ਹਣੇ ਧਰ ਦਿੱਤਾ ।

ਲੱਗਾ ਕਹਿਣ 'ਲੈ ਸੁਣੀਂ ਹੁਸ਼ਿਆਰ ਹੋ ਕੇ,
ਕਿੱਸਾ ਹੋਵੇ ਅਚਰਜ ਇਕ ਸਿਧ ਤੈਨੂੰ ।
'ਤਾਰ ਦਿਲ ਦੇ ਵਿਚ ਪਰੁਚ ਲਈਂ ਤੂੰ,
ਦੇਣ ਲਗਾ ਹਾਂ ਮੋਤੀ ਅਣਵਿੱਧ ਤੈਨੂੰ ।

'ਸੂਤ ਕੱਤਦੀ ਵੇਖੀ ਇਕ ਮਾਈ ਬੁੱਢੀ,
ਜੀਹਦੇ ਛੋਪ ਅਚਰਜ ਭੰਡਾਰ ਦੇ ਸਨ ।

੬੭.