ਪੰਨਾ:ਨੂਰੀ ਦਰਸ਼ਨ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



'ਓਹਦਾ ਚਰਖਾ ਵੀ ਨਾਨਕੀ ਘਾੜ ਦਾ ਸੀ,
ਕੋਕੇ ਲੱਗੇ ਵਿਚ ਇਕ ਓਅੰਕਾਰ ਦੇ ਸਨ ।
'ਲੱਠ ਲਗਨ ਤੇ ਬੈੜ ਸੀ ਸਿਦਕ ਵਾਲਾ,
ਮੁੰਨੇ ਗੁੱਡੀਆਂ ਫਰੀ ਪਿਆਰ ਦੇ ਸਨ ।
'ਕੀਤਾ ਹੋਇਆ ਸੀ ਤੱਕਲਾ ਰਾਸ ਐਸਾ,
ਜਲਵੇ ਜਾਪਦੇ ਵਿਚ ਕਰਤਾਰ ਦੇ ਸਨ ।

'ਹਰ ਹਰ ਗੇੜ ਦੇ ਨਾਲ ਏਹ ਗਾਉਂਦੀ ਸੀ,
'ਅੜੀ ਖੜੀ ਹੁਣ ਲਬਾਂ ਤੇ ਜਿੰਦ ਪਿਆਰੇ ।
'ਛੇਤੀ ਪਹੁੰਚ ਕੇ ਦਾਸੀ ਨੂੰ ਦਰਸ ਬਖ਼ਸ਼ੋ,
ਹਰ ਗੋਬਿੰਦ ਪਿਆਰੇ, ਹਰ ਗੋਬਿੰਦ ਪਿਆਰੇ ।'

'ਤੰਦ ਸ਼ਰਧਾ ਦੀ ਏਕਣਾ ਨਿਕਲਦੀ ਸੀ,
ਓਸ ਮਾਈ ਦੀ ਪੱਕੀ ਪਰੀਤ ਵਿਚੋਂ,
'ਕਲਗ਼ੀ ਜਿਸ ਤਰ੍ਹਾਂ ਹਰ ਗੋਬਿੰਦ ਜੀ ਦੀ,
ਝਲਕਾਂ ਮਾਰਦੀ ਏ ਕਿਸੇ ਝੀਤ ਵਿਚੋਂ ।
'ਹੋ ਕੇ ਸ਼ਾਨਤੀ ਨਾਲ ਗੜੁੱਚ ਏਦਾਂ,
ਦਰਦ ਨਿਕਲਦਾ ਸੀ ਓਹਦੇ ਗੀਤ ਵਿਚੋਂ ।
'ਜਿੱਦਾਂ ਰੱਬ ਨੂੰ ਪੂਜ ਕੇ ਨਿਕਲਦਾ ਏ,
ਬਾਹਮਣ ਮੌਲਵੀ ਮੰਦਰ ਮਸੀਤ ਵਿਚੋਂ ।

'ਧਾਗਾ ਮਾਲ੍ਹ ਦਾ ਆਰਤੀ ਕਰ ਕਰ ਕੇ,
ਹੈਸੀ ਇਸਤਰ੍ਹਾਂ ਦੀ ਘੂੰ ਘੂੰ ਕਰਦਾ ।
'ਪਿਛਲੀ ਰਾਤ ਨੂੰ ਉੱਠ ਦਰਵੇਸ਼ ਰੱਬੀ,
ਹੋਵੇ ਜਿਸ ਤਰਾਂ ਕੋਈ ਤੂੰ ਤੂੰ ਕਰਦਾ ।

ਸੂਤਰ ਕੱਤ, ਉਣਾ, ਧਵਾ, ਰੇਜਾ,
ਓਸ ਭਗਤਣੀ ਅੰਤ ਤਿਆਰ ਕੀਤਾ ।
'ਲਿੰਬ ਪੋਚ ਪੜਛੱਤੀ ਤੇ ਰੱਖ ਓਹਨੂੰ,
ਸੌ ਸੌ ਵਾਰ ਉਠ ਕੇ ਨਮਸਕਾਰ ਕੀਤਾ ।

੬੮