ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਧੂਪ ਸੰਦਲ ਕਸਤੂਰੀ ਵੀ ਦੇ ਦੇ ਕੇ,
ਸੜਦੀ ਹਿੱਕ ਨੂੰ ਠੰਢਿਆਂ ਠਾਰ ਕੀਤਾ ।
'ਮਹਿਮਾ ਗੁਰੂ ਦੀ ਆਪਣੀ ਨਿਮਰਤਾਈ,
ਓਹਨੂੰ ਆਖਣੀ, ਰੋਜ਼ ਵਿਹਾਰ ਕੀਤਾ ।

'ਸੱਚ ਪੁੱਛੋ ਤਾਂ ਪ੍ਰੇਮ ਦੇ ਜੁੱਧ ਅੰਦਰ,
ਹੈ ਇਹ ਹੌਂਸਲਾ ਭਗਤਣਾਂ ਸੱਚੀਆਂ ਦਾ ।
'ਬੰਦੀਛੋੜ' ਜਹੇ ਗੁਰੂ ਨੂੰ ਫਾਹੁਣ ਬਦਲੇ,
ਜਾਲ ਲਾ ਦੇਣਾ ਤੰਦਾਂ ਕੱਚੀਆਂ ਦਾ ।

'ਸੋਨੇ ਵਾਂਗ ਮੁਰੀਦਣੀ ਗੁਰੂ ਜੀ ਦੀ,
ਪਰਖੀ ਗਈ ਓਹ ਜਦੋਂ ਪਿਆਰ ਅੰਦਰ ।
'ਜਾਣੀ ਜਾਣ ਉਸ ਸ਼ਹਿਨਸ਼ਾਹ ਦਿਲਾਂ ਦੇ ਨੂੰ,
ਪੁੱਜੀ ਖ਼ਬਰ ਇਹ ਪ੍ਰੇਮ ਦੀ ਤਾਰ ਅੰਦਰ ।
'ਬੁਲਬੁਲ ਵਾਂਗ ਇਕ ਬੁੱਢੜੀ ਤੜਫਦੀ ਏ,
ਦੀਦ ਲਈ ਕਸ਼ਮੀਰ ਗੁਲਜ਼ਾਰ ਅੰਦਰ ।
'ਡਿੱਠਾ ਜਦੋਂ ਪ੍ਰੇਮ ਦਾ ਸਿਦਕ ਉੱਚਾ,
ਹੁਸਨ ਤੁਰ ਪਿਆ ਵਿਕਣ ਬਜ਼ਾਰ ਅੰਦਰ ।

ਤੁੱਠ ਪਿਆ ਜੇ ਰਾਮ ਦਿਆਲ ਹੋ ਕੇ,
ਕਾਰੇ ਸੌਜਲੇ ਖਿੱਚ ਵਕੀਲਣੀ ਦੇ ।
ਰੁਤਬਾ ਲਾਲਾਂ ਦਾ ਪਾਉਣਗੇ ਜੱਗ ਉੱਤੇ,
ਤੁਸੀਂ ਵੇਖਣਾ ਬੇਰ ਅੱਜ ਭੀਲਣੀ ਦੇ ।

'ਧੰਨ ਧੰਨ ਕਸ਼ਮੀਰ ਦੇ ਵਿੱਚ ਆ ਗਏ,
ਡਾਢੀ ਤਾਂਘ ਸੀ ਜਿਨ੍ਹਾਂ ਪਿਆਰਿਆਂ ਦੀ ।
'ਪੱਬਾਂ ਭਾਰ ਹੋ ਹੋ ਉੱਚੇ ਪਰਬਤਾਂ ਨੇ,
ਲਾਹੀ ਰੱਜ ਕੇ ਡੰਝ ਨਜ਼ਾਰਿਆਂ ਦੀ ।
'ਰਲਕੇ ਰਾਗ ਮਲ੍ਹਾਰ ਦਾ ਗਾਉਣ ਲੱਗੇ,
ਮੌਜ ਬੱਝ ਗਈ ਝਰਨਿਆਂ ਸਾਰਿਆਂ ਦੀ ।

੬੯