ਪੰਨਾ:ਨੂਰੀ ਦਰਸ਼ਨ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



'ਤਦੇ ਸੂਤ ਏਹ ਰਿਸ਼ਮਾਂ ਦਾ ਕੱਤਦਾ ਹਾਂ,
ਮੈਂ ਵੀ ਚੋਆ ਇਕ ਸਿਦਕ ਦਾ ਚੱਖਿਆ ਏ ।
'ਸ਼ਰਫ਼' ਜਿਨ੍ਹਾਂ ਨੂੰ ਦਾਗ਼ ਤੂੰ ਸਮਝ ਬੈਠੋਂ,
ਭਾਗਭਰੀ ਦਾ ਚਰਖਾ ਏਹ ਰੱਖਿਆ ਏ ।'


ਬੰਦੀ-ਛੋੜ

ਮੀਆਂ ਮੀਰ ਪੀਰ ਨੂੰ ਇਹ ਬਿਨੈ ਜਹਾਂਗੀਰ ਕੀਤੀ:-
'ਤੁਸੀਂ ਹੀ ਕੋਈ ਕਰੋ ਦਾਰੂ ਮੇਰੇ ਜਹੇ ਬੀਮਾਰਾਂ ਦਾ ।
ਉੱਡ ਗਈ ਨੀਂਦ ਮੇਰੀ ਅੱਖੀਆਂ ਚੋਂ ਧੂੰ ਵਾਂਗੂੰ,
ਬਣਿਆ ਵਿਛੌਣਾ ਮੇਰਾ ਭੱਠ ਅੰਗਿਆਰਾਂ ਦਾ ।
ਅੱਖ ਭੀ ਜੇ ਲੱਗ ਜਾਵੇ ਕਿਤੇ ਬੁਰੇ ਕਰਮਾਂ ਨੂੰ,
ਕੀ ਮੈਂ ਦੱਸਾਂ ਹਾਲ ਫੇਰ ਨੀਂਦ ਦੀਆਂ ਮਾਰਾਂ ਦਾ ।
ਸੁਫਨੇ 'ਚ ਗੱਜ ਗੱਜ ਸ਼ੇਰ ਖਾਣ ਆਉਂਦਾ ਏ,
ਮੀਂਹ ਹੈ ਵਰ੍ਹਾ ਦੇਂਦਾ ਭੁੱਬਾਂ ਲਲਕਾਰਾਂ ਦਾ ।
ਨੀਂਦ ਵਿੱਚ ਹੋਂਵਦੀ ਏ ਐਸੀ ਦੁਰਦਸ਼ਾ ਮੇਰੀ,
ਨਰਕਾਂ 'ਚ ਹੋਵੇ ਹਾਲ ਜਿਵੇਂ ਔਗਣਹਾਰਾਂ ਦਾ ।
ਵਾਹਰ ਵਾਹਰ ਕਰਦਾ ਮੈਂ ਮੰਜੇ ਉੱਤੋਂ ਡਿੱਗ ਪਵਾਂ,
ਦੇਂਦਾ ਨਹੀਂ ਕੋਈ ਜਵਾਬ ਮੇਰੀਆਂ ਪੁਕਾਰਾਂ ਦਾ ।
ਸੱਟ ਉੱਤੇ ਸੱਟ ਵੱਜੇ, ਡਰ ਨਾਲ ਧੜਕਦਾ ਏ,
ਦਿਲ ਮੇਰਾ ਬਣ ਗਿਆ ਅੱਡਾ ਠਠਿਆਰਾਂ ਦਾ ।
ਦਿਓ ਕੋਈ ਤਵੀਜ ਐਸਾ ਸਵਾਂ ਸੁਖੀ ਨੀਂਦਰ ਮੈਂ,
ਅੱਗੇ ਪਰਤਾਵਾ ਲਿਆ ਸੈਂਕੜੇ ਹਜ਼ਾਰਾਂ ਦਾ ।'

੭੧.