ਪੰਨਾ:ਨੂਰੀ ਦਰਸ਼ਨ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੀਆਂ ਮੀਰ ਪੀਰ ਬੋਲੇ, 'ਸੁਣ ਤੂੰ ਸਲੀਮ ਮੀਆਂ,
ਰੱਬ ਨੇ ਬਣਾਯਾ ਤੈਨੂੰ ਸ਼ਾਹ ਦੁਨੀਆਂ ਦਾਰਾਂ ਦਾ ।
ਇਹ ਭੀ ਗੱਲ ਚੇਤੇ ਰੱਖ ਪੱਕੀ ਤਰ੍ਹਾਂ ਭੋਲਿਆ ਓ,
ਤੌਣਾ ਚੰਗਾ ਹੁੰਦਾ ਨਹੀਂ ਰੱਬੀ ਸੇਵਾਦਾਰਾਂ ਦਾ ।
ਹਰ ਹਰ ਰੰਗ ਵਿੱਚ ਅੱਲਾ ਵਾਲੇ ਵੱਸਦੇ ਨੀ,
ਮਜ਼੍ਹਬ ਕੋਈ ਹੁੰਦਾ ਨਹੀਂ ਰਿਸ਼ੀਆਂ ਅਉਤਾਰਾਂ ਦਾ ।
ਗੁਰੂ ਹਰਗੋਬਿੰਦ ਜੀ ਨੂੰ ਕਿਲੇ ਵਿੱਚ ਬੰਦ ਕਰ,
ਬਾਦਸ਼ਾਹ ਹੋਕੇ ਕੰਮ ਕੀਤਾ ਤੂੰ ਗਵਾਰਾਂ ਦਾ ।
ਸ਼ਾਹੀ ਸਜ ਧਜ ਦੇਖ ਗੁਰੂ ਜੀ ਦੀ ਭੁੱਲ ਗਿਓਂ,
ਥਿੜਕ ਗਿਆ ਪੈਂਤੜੇ ਤੋਂ ਪੈਰ ਇਤਬਾਰਾਂ ਦਾ ।
ਇਹ ਉਹ ਅਥਾਹ ਨਦੀ ਭਗਤੀ ਦੀ ਜਾਣ ਬੱਚਾ,
ਜਿੱਥੇ ਬੇੜਾ ਡੁੱਬਦਾ ਸਿਕੰਦਰੀ ਵਿਚਾਰਾਂ ਦਾ ।
ਸ਼ਹਿਨਸ਼ਾਹ ਦੀ ਝੋਲੀ 'ਚ ਫ਼ਕੀਰੀ ਪਈ ਖੇਡਦੀ ਊ,
ਤੂੰ ਕੀ ਜਾਣੇ ਭੇਤ ਭਲਾ ਰੱਬੀ ਅਲੋਕਾਰਾਂ ਦਾ ।
ਬਾਲ-ਪਣ ਵਿੱਚ ਜਿਹੜਾ ਜ਼ਹਿਰੀ ਸੱਪਾਂ ਨਾਲ ਖੇਡੇ,
ਕਿਉਂ ਨਾ ਹੋਵੇ ਯੋਧਾ ਹੁਣ ਸ਼ੇਰਾਂ ਦੇ ਸ਼ਿਕਾਰਾਂ ਦਾ ।
ਚਾਣ ਚੱਕੀ ਮੌਤ ਹੈ ਜੇ ਇਕ ਪਾਸੇ ਪਾਪੀਆਂ ਦੀ,
ਦੂਜੇ ਪਾਸੇ ਵੱਲ ਭੀ ਹੈ ਦਾਰੂ ਦੁਖਿਆਰਾਂ ਦਾ ।
ਤਪੱਸਿਆ ਦੀ ਤੇਗ਼ ਨਾਲ ਕਿਤੇ ਆਪਾ ਮਾਰਦਾ ਈ,
ਕਿਤੇ ਮੂੰਹ ਭੰਨਦਾ ਈ ਤੇਰੇ ਬਲਕਾਰਾਂ ਦਾ ।
ਐਵੇਂ ਉਹਨੇ ਦੋ ਤੇਗ਼ਾਂ ਲੱਕ ਨਾਲ ਬੱਧੀਆਂ ਨਹੀਂ,
ਇਹ ਭੀ ਉਹਦਾ ਭੇਤ ਜਾਣ ਦੋਹਾਂ ਪਰਕਾਰਾਂ ਦਾ ।
ਜਿੱਦਾਂ ਦੋਹਾਂ ਲਫਜਾਂ ਦਾ ਅਰਥ ਇਕ ਹੋਂਵਦਾ ਏ,
ਇਕ ਖੂਹ ਹੋਂਵਦਾ ਏ ਜਿੱਦਾਂ ਦੋ ਝਲਾਰਾਂ ਦਾ ।
ਸੱਜੇ ਖੱਬੇ ਵੇਖਦਾ ਨਹੀਂ ? ਜਲਵਾ ਦੋਹਾਂ ਤੇਗ਼ਾਂ ਵਾਲਾ,
ਸ਼ਾਹ ਪਰ ਬਣ ਗਿਆ ਅਰਸ਼ੀ ਉਡਾਰਾਂ ਦਾ ।

੭੨.