ਪੰਨਾ:ਨੂਰੀ ਦਰਸ਼ਨ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜੇ ਤੂੰ ਮੈਥੋਂ ਸੱਚ ਪੁੱਛੇਂ, ਓਹਨੇ ਦੋਹਾਂ ਲੋਕਾਂ ਉੱਤੇ,
ਸਾਯਾ ਪਾਯਾ ਹੋਯਾ ਈ ਦੋਹਾਂ ਤਲਵਾਰਾਂ ਦਾ ।
ਦੀਨ ਦੁਨੀ ਆਪਣੀ ਦਾ ਭਲਾ ਜੇ ਤੂੰ ਚਾਹਵਨਾ ਏਂ,
ਬੀਬਾ ਰਾਣਾ ਕੰਮ ਕਰ ਜਾਹ ਬਰਖੁਰਦਾਰਾਂ ਦਾ ।
ਭੁੱਲ ਚੁੱਕ ਹੋ ਗਈ ਜਿਹੜੀ ਜਾ ਕੇ ਬਖਸ਼ਾ ਸਾਰੀ,
ਕਿਲੇ ਵਿਚੋਂ ਛੱਡ ਛੇਤੀ ਗੁਰੂ ਸਰਦਾਰਾਂ ਦਾ ।'
ਪੀਰ ਜੀ ਦੀ ਤਾੜਨਾ ਤੇ ਬਾਦਸ਼ਾਹ ਨੇ ਝੱਟ ਪਟ,
ਘੱਲਿਆ ਗਵਾਲੀਅਰ ਜੱਥਾ ਅਹਿਲਕਾਰਾਂ ਦਾ ।
ਗੁਰੂ ਦੀ ਹਜ਼ੂਰੀ ਵਿਚ ਪਹੁੰਚ ਕੇ ਵਜ਼ੀਰ ਖ਼ਾਂ ਨੇ,
ਮੁਜਰਾ ਅਦਾ ਕੀਤਾ ਸ਼ਾਹੀ ਦਰਬਾਰਾਂ ਦਾ ।
ਹੱਥ ਬੰਨ੍ਹ ਬੇਨਤੀ ਰਿਹਾਈ ਦੀ ਸੁਣਾ ਦਿੱਤੀ,
ਪੱਛੋਤਾਵਾ ਜ਼ਾਹਰ ਕੀਤਾ ਨਾਲੇ ਹੋਈਆਂ ਕਾਰਾਂ ਦਾ ।
ਗੁਰੂ ਜੀ ਨੇ ਕਿਹਾ 'ਅਸੀਂ ਕੱਲੇ ਕਦੇ ਜਾਣਾ ਨਹੀਂ,
ਸੰਗ ਸਾਥ ਛੱਡ ਏਥੇ ਬਾਕੀ ਗ਼ਮ ਖ਼ਵਾਰਾਂ ਦਾ ।
ਸੌੜ ਵਿੱਚ ਛੱਡ ਕੇ ਪਿਆਰਿਆਂ ਨੂੰ ਦੌੜ ਜਾਣਾ,
ਅਸਲਾ ਨਹੀਂ ਹੋਂਵਦਾ ਇਹ ਮੇਲੀਆਂ ਦੇ ਯਾਰਾਂ ਦਾ ।'
ਫਿਰ ਸ਼ਾਹੀ ਹੁਕਮ ਗਿਆ ਗੁਰੂ ਜੀ ਦੀ ਇਛਿਆ ਤੇ,
ਮੀਂਹ ਹੀ ਵਰ੍ਹਾ ਦਿਓ ਸੇਹਰਿਆਂ ਤੇ ਹਾਰਾਂ ਦਾ ।
ਮੀਰੀ ਪੀਰੀ ਵਾਲੇ ਸ਼ਾਹ ਨੇ ਜਦੋਂ ਐਨੀ ਗੱਲ ਸੁਣੀ,
ਕਿਲੇ 'ਚ ਫ਼ਿਰਾਯਾ ਇਹ ਹੁਕਮ ਉਪਕਾਰਾਂ ਦਾ:-
'ਆਓ ਜਿਨ੍ਹੇ ਪਾਰ ਹੋਣਾ ਮੇਰੇ ਲੜ ਲੱਗ ਜਾਓ,
ਲੇਖਾ ਕਿਤੇ ਹੋਵੇਗਾ ਨਾ ਉਹਦਿਆਂ ਵਿਹਾਰਾਂ ਦਾ ।'
ਲੌ ਜੀ ਜਿਹੜੇ ਰਾਜੇ ਰਾਣੇ ਕੈਦ ਵਿਚ ਸੜਦੇ ਸਨ,
ਰੱਬ ਨੇ ਲਿਆਂਦਾ ਸਮਾਂ ਉਨ੍ਹਾਂ ਲਈ ਬਹਾਰਾਂ ਦਾ ।
ਸ਼ਾਮ ਰੂਪ ਗੁਰੂ ਗਿਰਦ ਘੇਰਾ ਏਦਾਂ ਪਾ ਲੀਤਾ,
ਕ੍ਰਿਸ਼ਨ ਦੇ ਦਵਾਲੇ ਜਿਵੇਂ ਝੁਰਮਟ ਹੋਵੇ ਨਾਰਾਂ ਦਾ ।

੭੩.