ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਾਗ਼ ਨਿਵਾਸੀ ਬੂਟੇ ਸਾਰੇ,
ਪਾਕ ਨਜ਼ਾਰੇ ਦੇ ਦੇ ਤਾਰੇ ।
ਵੇਖੀ ਜਿਸ ਦਮ ਸ਼ਕਲ ਨੂਰਾਨੀ ।
ਟਾਹਣੀ ਟਾਹਣੀ ਹੋਈ ਦੀਵਾਨੀ ।
ਅਦਬੋਂ ਸਰੂਆਂ ਸੀਸ ਝੁਕਾਇਆ,
ਕਲੀਆਂ ਹਸ ਹਸ ਗਿੱਧਾ ਪਾਇਆ ।
ਨਰਗਸ ਦਰਸੀ ਤਾੜੀ ਲਾਈ,
ਅਖ ਸ਼ਰਮੀਲੀ ਫ਼ਰਸ਼ ਬਣਾਈ ।
ਅੱਚਾ ਚੇਤੀ ਵੇਖ ਅਚੰਭਾ ।
ਖਿੜ ਖਿੜ ਦੂਹਰਾ ਹੋਇਆ ਚੰਭਾ ।
ਸਿਰ ਤੇ ਸਨ ਜੋ ਤੁਬਕੇ ਚਾਏ,
ਮੋਤੀ ਮੋਤੀਏ ਪਕੜ ਲੁਟਾਏ ।
ਮੌਲਸਰੀ ਤੋਂ ਸਰੀ ਨ ਮੂਲੇ,
ਗੁੱਛੇ ਵਾਰੇ ਕੱਚੇ ਕੂਲੇ ।
ਚਾਨਣ ਵਰਗੀ ਚਿੱਟੀ ਜੂਹੀ ।
ਹਸ ਹਸ ਹੋ ਗਈ ਰੱਤੀ ਸੂਹੀ ।
ਪੋਸਤ ਖੀਵਾ ਹੋਵਣ ਲੱਗਾ,
ਖ਼ੂਨ ਗੱਲ੍ਹਾਂ ਚੋਂ ਚੋਵਣ ਲੱਗਾ ।
ਸੁੰਬਲ ਨੇ ਵੀ ਕੇਸ ਸਵਾਰੇ,
ਪਵਾਂ ਕਬੂਲ ਕਿਵੇਂ ਦਰਬਾਰੇ ।
ਇਸ਼ਕ ਪੇਚੇ ਨੇ ਪੇਚੇ ਲਾਏ ।
ਚਿਰੀਂ ਵਿਛੁੰਨੇ ਨੈਣ ਮਿਲਾਏ ।
ਨਾਮ ਨਸ਼ੇ ਵਿਚ ਨੈਣ ਸ਼ਰਾਬੀ,
ਡਿੱਠੇ ਜਿਸ ਦਮ ਫੁੱਲ ਗੁਲਾਬੀ ।
ਕੱਢ ਖ਼ੁਸ਼ਬੂਆਂ ਵਾਰਨ ਲੱਗਾ,
ਚਰਨਾਂ ਹੇਠ ਖਿਲਾਰਨ ਲੱਗਾ ।
੭੫.