ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਵੇਖ ਅਨਾਰ ਅਨਾਰ ਚਲਾਏ ।
ਫੁਲਝੜੀਆਂ ਦੇ ਮੀਂਹ ਵਸਾਏ ।
ਅਸ਼ਰਫੀਏ ਨੇ ਸ਼ਾਨ ਵਖਾਈ,
ਅਸ਼ਰਫੀਆਂ ਦੀ ਸੁੱਟ ਕਰਾਈ ।
ਜਰਿਆ ਗਿਆ ਨਾ ਪਾਕ ਨਜ਼ਾਰਾ,
ਪੁਰਜ਼ੇ ਹੋਇਆ ਫੁੱਲ ਹਜ਼ਾਰਾ ।
ਕਲਗ਼ੇ ਕਲਗ਼ੀ ਚਰਨ ਛੁਹਾਈ ।
ਫੁੱਲਾਂ ਅੰਦਰ ਸ਼ਾਨ ਵਧਾਈ ।
ਬਰਦੀ ਪਾ ਕੇ ਚਿੱਟੀ ਊਦੀ,
ਕਰਨ ਸਲਾਮੀ ਫੁਲ ਦਾਊਦੀ ।
ਨੁੱਕਰ ਵਿਚ ਖਲੋਤੀ ਗੋਦੀ,
ਹੱਸਣ ਡਹਿ ਪਈ ਰੋਂਦੀ ਰੋਂਦੀ ।
ਸੁੰਦਰ ਮੂੰਹ ਬਣਾਇਆ ਨਾਖਾਂ ।
ਗੁੱਛਾ ਹੋਈਆਂ ਅਦਬੋਂ ਦਾਖਾਂ ।
ਅੰਬਾਂ ਰਸ ਪਰੇਮੋਂ ਪਾਇਆ,
ਚੜ੍ਹ ਚੜ੍ਹ ਆਯਾ ਹੁਸਨ ਸਵਾਇਆ ।
ਸੋਮੇ ਨੈਣ ਗੁਰਾਂ ਦੇ ਡਿੱਠੇ,
ਕੂਜ਼ੇ ਭਰ ਲਏ ਖੱਟੇ ਮਿੱਠੇ ।
ਐਡੀ ਨੈਂ ਖ਼ੁਸ਼ੀ ਦੀ ਹੜ੍ਹ ਗਈ ।
ਅੰਬਰ ਵੇਲ ਰੁਖਾਂ ਤੇ ਚੜ੍ਹ ਗਈ ।
ਬਾਗ਼ ਸਿੱਖੀ ਦੇ ਰੱਬੀ ਮਾਲੀ,
ਵੇਂਹਦੇ ਜਾਂਦੇ ਡਾਲੀ ਡਾਲੀ ।
ਸਾਇਆ ਪੌਂਦੇ ਹਰ ਹਰ ਬੂਟੇ,
ਲੈਂਦੇ ਜਾਂਦੇ ਅਰਸ਼ੀ ਝੂਟੇ ।
ਜਪਦੇ ਜਾਂਦੇ ਅੰਮ੍ਰਿਤ ਬਾਣੀ ।
ਦੇਂਦੇ ਜਾਂਦੇ ਨੂਰੀ ਪਾਣੀ ।
੭੬.