ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਕ ਥਾਂ ਹੋਇਆ ਐਸਾ ਕਾਰਾ,
ਬੂਟਾ ਸੀ ਇਕ ਖੜਾ ਵਿਚਾਰਾ ।
ਗੁਰ ਜੀ ਦਾ ਉਸ ਪੱਲਾ ਫੜਿਆ,
ਚੋਗ਼ਾ ਉਹਦੀ ਟਾਹਣੀ ਅੜਿਆ ।
ਕਲੀਆਂ ਨਿਉਂ ਨਿਉਂ ਸਦਕੇ ਗਈਆਂ ।
ਡਾਲੋਂ ਝੜੀਆਂ ਚਰਨੀਂ ਪਈਆਂ ।
ਸਤਿਗੁਰ ਨੇ ਉਹ ਝੜੀਆਂ ਕਲੀਆਂ,
ਪ੍ਰੇਮ ਕਲਾਵੇ ਅੰਦਰ ਵਲੀਆਂ ।
ਧਰ ਤੋਂ ਫੜ ਕੇ ਹੱਥੀਂ ਚਾਈਆਂ,
ਨਾਲ ਹਿਰਖ ਦੇ ਨਜ਼ਰਾਂ ਪਾਈਆਂ ।
ਚੋਗ਼ੇ ਨੂੰ ਕੁਛ ਆਖ ਸੁਣਾਇਆ ।
ਉਸ ਨੇ ਆਪਣਾ ਆਪ ਘਟਾਇਆ ।
ਹੋਠ ਪਵਿੱਤਰ ਸਤਿਗੁਰ ਖੋਲ੍ਹੇ,
ਕਲੀਆਂ ਨੂੰ ਫਿਰ ਐਦਾਂ ਬੋਲੇ:-
'ਐ ਕਲੀਓ ! ਕੁਛ ਗ਼ਮ ਨਾ ਖਾਓ,
ਦਿਲ ਉੱਤੇ ਕੋਈ ਦਾਗ਼ ਨਾ ਲਾਓ ।
ਪੂਰੀਆਂ ਹੋਸਨ ਸੱਭੇ ਆਸਾਂ ।
ਹੁਣ ਮੈਂ ਤੁਹਾਡਾ 'ਫੂਲ' ਬਣਾਸਾਂ ।'
ਬੀਤਯਾ ਵੇਲਾ ਸਮਾਂ ਵਿਹਾਣਾ,
ਹੋਇਆ ਐਸਾ ਰੱਬੀ ਭਾਣਾ ।
ਜੀਤ ਪਰਾਨੇ ਹੋਈ ਲੜਾਈ,
ਕਰਮ ਚੰਦ ਓਹ ਤੇਗ਼ ਚਲਾਈ ।
ਰਣ ਵਿਚ ਮੀਂਹ ਸਰਾਂ ਦੇ ਵੱਸੇ ।
ਭੇਡਾਂ ਵਾਂਙੂ ਵੈਰੀ ਨੱਸੇ ।
ਐਪਰ ਹੋਣੀ ਹੁੰਦੜ ਆਈ,
ਕਰਮ ਚੰਦ ਸ਼ਹੀਦੀ ਪਾਈ ।
੭੭.