ਪੰਨਾ:ਨੂਰੀ ਦਰਸ਼ਨ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੌਜਾਂ ਅੰਦਰ ਬਖਸ਼ਸ਼ ਆਈ ।
ਰੁੜ੍ਹਦੀ ਬੇੜੀ ਬੰਨੇ ਲਾਈ ।

ਆਖਣ ਲੱਗੇ ਪਰ ਉਪਕਾਰੀ,
ਠੋਡੀ ਫੜ ਕੇ ਵਾਰੋ ਵਾਰੀ:-
"ਐ ਕਲੀਓ ! ਮੈਂ ਖ਼ੂਬ ਪਛਾਣਾਂ,
ਭੇਤ ਤੁਹਾਡੇ ਸਾਰੇ ਜਾਣਾਂ ।

ਗੁੱਛੇ ਨਾਲੋਂ ਝੜੀਓ ਕਲੀਓ !
ਵਕਤਾਂ ਅੰਦਰ ਫੜੀਓ ਕਲੀਓ !

ਅਰਸ਼ੀ ਕਲੀਓ ! ਉੱਠੋ ਜਾਓ,
ਜਗ ਉੱਤੇ ਖੁਸ਼ਬੂ ਖਿੰਡਾਓ ।
ਸਿੱਖੀ ਵਾਲੇ ਝੰਡੇ ਲਾਓ,
ਤਾਜ ਹੰਢਾਓ ਰਾਜ ਕਮਾਓ ।

'ਸੰਦਲ' ਵਾਂਗੂੰ ਹਰਦਮ ਮਹਿਕੋ ।
'ਫੂਲ' ਕਬੀਲਾ ਬਣਕੇ ਟਹਿਕੋ ।

ਖੁਸ਼ੀ ਤੁਹਾਨੂੰ ਚੰਵਰ ਝੁਲਾਵੇ,
ਸੁੱਖਾਂ ਦੇ ਵਿਚ ਉਮਰ ਵਿਹਾਵੇ ।
ਹਰ ਪਿੜ ਅੰਦਰ ਘੋੜਾ ਧਮਕੇ,
ਇਕਬਾਲਾਂ ਦਾ ਸੂਰਜ ਚਮਕੇ ।

ਪਤਝੜ ਤੁਹਾਨੂੰ ਕੁਝ ਨਾ ਆਖੇ ।
ਸਤਿਗੁਰ ਹੋਣ ਤੁਹਾਡੇ ਰਾਖੇ ।"

ਇਹ ਹੈ ਜਿਸਦੀ ਬੇ ਪਰਵਾਹੀ,
ਉਹ ਹੈ ਮੇਰਾ ਅਰਸ਼ੀ ਮਾਹੀ ।
ਪੈਰਾਂ ਅੰਦਰ ਝੜੀਆਂ ਕਲੀਆਂ,
ਪ੍ਰੇਮ ਕਲਾਵੇ ਅੰਦਰ ਵਲੀਆਂ ।

ਮਾਨ ਗਵਾਇਆ ਜਿਨ੍ਹਾਂ ਸੱਈਆਂ ।
'ਸ਼ਰਫ' ਉਹੋ ਮਨਜ਼ੂਰੀ ਪਈਆਂ ।

੭੯.